15 ਅਗਸਤ ਨੂੰ ਪੁਲਸ ਦੀ ਸੀ ਹੁਸ਼ਿਆਰੀ, ਤਾਂ ਵੀ ਚੋਰਾਂ ਨੇ ਮਾਰੀ ਬਾਜ਼ੀ
Thursday, Aug 16, 2018 - 03:12 PM (IST)
ਅਮਰਕੋਟ (ਸੰਦੀਪ ਕੁਮਾਰ)—ਸੁਤੰਤਰਤਾ ਦਿਵਸ ਮੌਕੇ ਇਕ ਪਾਸੇ ਜਿੱਥੇ ਪੁਲਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਚੱਪੇ ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਸੀ ਉਥੇ ਦੂਜੇ ਪਾਸੇ ਸੁਰੱਖਿਆ ਦੇ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਦਿਨ ਦਿਹਾੜੇ ਕਸਬਾ ਅਮਰਕੋਟ ਨਜ਼ਦੀਕ ਇਕ ਘਰ 'ਚ ਦਾਖਲ ਹੋ ਕੇ 6 ਤੋਲੇ ਸੋਨਾ, 10 ਹਜ਼ਾਰ ਦੀ ਨਕਦੀ ਅਤੇ 4 ਚੈੱਕ ਚੋਰੀ ਕਰ ਲਏ। ਘਟਨਾ ਸਬੰਧੀ ਥਾਣਾ ਵਲਟੋਹਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਕਸਬਾ ਅਮਰਕੋਟ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਵਲਟੋਹਾ ਰੋਡ 'ਤੇ ਹੈ। ਉਸ ਦੇ ਲੜਕੇ ਹਰਪ੍ਰੀਤ ਸਿੰਘ ਦੇ ਘਰ ਲੜਕੇ ਨੇ ਜਨਮ ਲਿਆ ਸੀ ਜਿਸ 'ਤੇ ਸਾਰਾ ਪਰਿਵਾਰ ਸਰਕਾਰੀ ਹਸਪਤਾਲ ਝਬਾਲ ਵਿਖੇ ਮੌਜੂਦ ਸੀ। 15 ਅਗਸਤ ਨੂੰ ਦੁਪਹਿਰ 1.30 ਵਜੇ ਮੈਂ ਜ਼ਿੰਦਰਾ ਲਗਾ ਕੇ ਕੁਝ ਜ਼ਰੂਰੀ ਸਾਮਾਨ ਲੈਣ ਲਈ ਵਲਟੋਹਾ ਚਲਾ ਗਿਆ ਅਤੇ ਜਦੋਂ 2 ਵਜੇ ਵਾਪਸ ਘਰ ਪਰਤਿਆ ਤਾਂ ਵੇਖਿਆ ਕਿ ਘਰ ਅੰਦਰ ਸਾਮਾਨ ਖਿਲਰਿਆ ਹੋਇਆ ਸੀ। ਜਦ ਮੈਂ ਤਲਾਸ਼ੀ ਲਈ ਤਾਂ ਅਲਮਾਰੀ ਦੇ ਲਾਕ ਟੁੱਟੇ ਹੋਏ ਸਨ, ਜਿਸ ਵਿਚ ਰੱਖਿਆ 6 ਤੋਲੇ ਸੋਨਾ, 10 ਹਜ਼ਾਰ ਦੀ ਨਕਦੀ ਅਤੇ ਸਾਈਨ ਕੀਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਚਾਰ ਚੈੱਕ ਗਾਇਬ ਸਨ ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਮੁਖੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਚੋਰ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ।