ਕੇਂਦਰ ਸਰਕਾਰ ਹਜ਼ੂਰ ਸਾਹਿਬ ਲਈ ਹਵਾਈ ਉਡਾਣਾਂ ਤੁਰੰਤ ਚਾਲੂ ਕਰੇ : ਬਾਬਾ ਬਲਬੀਰ ਸਿੰਘ
Wednesday, Apr 22, 2026 - 03:26 PM (IST)
ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੇਂਦਰ ਸਰਕਾਰ ਨੂੰ ਅੰਮ੍ਰਿਤਸਰ, ਚੰਡੀਗੜ੍ਹ ਆਦਿ ਸ਼ਹਿਰਾਂ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਉਡਾਣਾਂ ਚਾਲੂ ਕਰਨ ਦੀ ਮੰਗ ਕੀਤੀ ਹੈ। ਹਵਾਈ ਉਡਾਣਾਂ ਨਾ ਹੋਣ ਕਾਰਨ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕੋਵਿਡ ਵੇਲੇ ਸਾਵਧਾਨੀ ਵਜੋਂ ਇਹ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਸਰਕਾਰ ਵਲੋਂ ਕੋਵਿਡ 'ਤੇ ਕਾਬੂ ਪਾ ਲੈਣ ਉਪਰੰਤ ਸਾਰੇ ਦੇਸ਼ ਦੇ ਬਾਕੀ ਕਾਰ-ਵਿਹਾਰਾਂ ਵਾਲੇ ਅਦਾਰਿਆਂ ਤੋਂ ਪਾਬੰਦੀ ਵਾਪਸ ਲੈ ਲਈ ਗਈ ਸੀ।
ਹੁਣ ਸਾਰੇ ਦੇਸ਼ ਵਾਸੀ ਸਰਗਰਮੀ ਨਾਲ ਆਪੋ-ਆਪਣੇ ਕੰਮਾਂ-ਕਾਰਾਂ ਲਈ ਸਰਗਰਮੀਆਂ ਕੰਮ ਕਰ ਰਹੇ ਹਨ। ਹਰ ਕਿਸਮ ਦੇ ਇਕੱਠ, ਸੰਮੇਲਨ ਆਦਿ ਹੋ ਰਹੇ ਹਨ ਪਰ ਇਹ ਹਵਾਈ ਉਡਾਣਾਂ ਮੁੜ ਚਾਲੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਦੁਸਹਿਰਾ ਅਤੇ ਹੋਰ ਤਿਉਹਾਰ ਹਜ਼ੂਰ ਸਾਹਿਬ ਵਿਖੇ ਵਿਸ਼ਾਲ ਪੱਧਰ 'ਤੇ ਮਨਾਏ ਜਾਂਦੇ ਹਨ, ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਪੁਜਦੀਆਂ ਹਨ ਪਰ ਉਡਾਣਾਂ ਚਾਲੂ ਨਾ ਹੋਣ ਕਾਰਨ ਸੰਗਤਾਂ 'ਚ ਭਾਰੀ ਰੋਸ, ਰੋਹ ਤੇ ਨਿਰਾਸ਼ਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਕੇਂਦਰੀ ਅਸਥਾਨ ਹਨ ਅਤੇ ਇਨ੍ਹਾਂ ਦੇ ਆਪਸ ਵਿੱਚ ਗੂੜੇ ਇਤਿਹਾਸਕ ਸਬੰਧ ਹਨ। ਭਾਰਤ ਦੇ ਵੱਖ-ਵੱਖ ਹਿਸਿਆਂ ਤੋਂ ਲੱਖਾਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁਜਦੇ ਹਨ, ਇਹ ਸ਼ਹਿਰ ਵਪਾਰ ਦਾ ਕੇਂਦਰ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸ਼ਹਿਰ ਦੀ ਇਤਿਹਾਸਕ ਭੂਗੋਲਿਕ ਅਤੇ ਧਾਰਮਕਿ ਮਹਾਨਤਾ ਨਿਵੇਕਲੀ ਤੇ ਫ਼ਖਰਯੋਗ ਹੈ। ਇੰਝ ਹੀ ਹਰ ਸਿੱਖ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ।
