ICP ਅਟਾਰੀ ਬਾਰਡਰ ’ਤੇ ਖ਼ਰਾਬ ਟਰੱਕ ਸਕੈਨਰ ਦੀ ਸਮੱਸਿਆ ਬਣੀ ਗੰਭੀਰ, ਡਰੱਗ ਸਮੱਗਲਿੰਗ ਦਾ ਮੰਡਰਾ ਰਿਹੈ ਖਤਰਾ
Saturday, Oct 15, 2022 - 01:42 PM (IST)

ਅੰਮ੍ਰਿਤਸਰ (ਨੀਰਜ/ਕਮਲ) - ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਖ਼ਰਾਬ ਟਰੱਕ ਸਕੈਨਰ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ, ਜਿਸ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਸ ਵਾਰ ਆਈ. ਸੀ. ਪੀ. ਚੈਂਬਰ ਆਫ ਕਾਮਰਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਰਾਜ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਰਾਹੀਂ ਇਹ ਮੁੱਦਾ ਉਠਾਇਆ ਹੈ। ਗ੍ਰਹਿ ਮੰਤਰੀ ਨੇ ਵੀ ਵਪਾਰੀਆਂ ਦੀ ਇਸ ਮੰਗ ਨੂੰ ਤੁਰੰਤ ਪ੍ਰਭਾਵ ਨਾਲ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੇ ਯਤਨਾਂ ਸਦਕਾ ਆਈ. ਸੀ. ਪੀ. ਚੈਂਬਰ ਆਫ ਕਾਮਰਸ ਦੇ ਪ੍ਰਧਾਨ ਅਨਿਲ ਮਹਿਰਾ ਦੀ ਅਗਵਾਈ ਹੇਠ ਵਪਾਰੀਆਂ ਦਾ ਵਫਦ ਰਾਜ ਦੇ ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਮਿਲਿਆ ਅਤੇ ਆਈ. ਸੀ. ਪੀ. ’ਤੇ ਖ਼ਰਾਬ ਟਰੱਕ ਸਕੈਨਰ ਅਤੇ ਐਕਸਰੇ ਮਸ਼ੀਨਾਂ ਦੀ ਘਾਟ ਦੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਅਨਿਲ ਮਹਿਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਹੋ ਰਹੇ ਕਾਰੋਬਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਭ ਤੋਂ ਪਹਿਲਾਂ ਜੂਨ 2020 ਵਿਚ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਸ਼ੀਲੇ ਪਦਾਰਥ ਫੜੇ ਗਏ ਸਨ। ਹੁਣ ਹਾਲ ਹੀ ਵਿਚ ਆਈ. ਸੀ. ਪੀ. ਵਿਚ 105 ਕਿਲੋ ਹੈਰੋਇਨ ਦੀ ਇੱਕ ਖੇਪ ਫੜੀ ਗਈ ਹੈ, ਇਸ ਲਈ ਆਈ. ਸੀ. ਪੀ. ’ਤੇ ਟਰੱਕ ਸਕੈਨਰ ਲਗਾਉਣਾ ਬਹੁਤ ਜ਼ਰੂਰੀ ਹੈ।
ਕਸਟਮ ਵਿਭਾਗ ਦੇ ਕੰਮ ਦਾ ਨਹੀਂ ਹੈ 21 ਕਰੋੜ ਦਾ ਟਰੱਕ ਸਕੈਨਰ
ਆਈ. ਸੀ. ਪੀ. ਚੈਂਬਰ ਆਫ ਕਾਮਰਸ ਨੇ ਰਾਜ ਦੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵਲੋਂ 21 ਕਰੋੜ ਰੁਪਏ ਦੀ ਲਾਗਤ ਨਾਲ ਆਈ. ਸੀ. ਪੀ ’ਤੇ ਟਰੱਕ ਸਕੈਨਰ ਲਗਾਇਆ ਗਿਆ ਹੈ। ਇਹ ਸਕੈਨਰ ਖ਼ਰਾਬ ਹੈ ਅਤੇ ਕਸਟਮ ਵਿਭਾਗ ਨੂੰ ਕੋਈ ਫ਼ਾਇਦਾ ਨਹੀਂ ਹੈ। ਖ਼ਰਾਬ ਟਰੱਕ ਸਕੈਨਰ ਕਾਰਨ ਵਿਭਾਗ ਨੂੰ ਕੋਈ ਇਤਰਾਜ਼ਯੋਗ ਚੀਜ਼ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਪਾਕਿਸਤਾਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਵਪਾਰੀਆਂ ਨੇ ਖ਼ਰਾਬ ਟਰੱਕ ਸਕੈਨਰ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਵੀ ਮੰਗ ਕੀਤੀ ਹੈ ਅਤੇ ਸਕੈਨਰ ਲਗਾਉਣ ਵਾਲੀ ਕੰਪਨੀ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਹੈ।
ਕਸਟਮ ਵਿਭਾਗ ਨੂੰ ਕਰਨੀ ਪੈਂਦੀ ਹੈ 100 ਫ਼ੀਸਦੀ ਚੈਕਿੰਗ
ਟਰੱਕ ਸਕੈਨਰ ਖ਼ਰਾਬ ਹੋਣ ਅਤੇ ਐਕਸਰੇ ਮਸ਼ੀਨਾਂ ਦੀ ਘਾਟ ਕਾਰਨ, ਕਸਟਮ ਵਿਭਾਗ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਸਾਮਾਨ ਦੀ 100 ਫ਼ੀਸਦੀ ਚੈਕਿੰਗ (ਰੈਮਿੰਗ) ਕਰਨੀ ਪੈਂਦੀ ਹੈ। ਦਰਾਮਦ ਕੀਤੇ ਜਾਣ ਵਾਲੇ ਸਾਰੇ ਸਾਮਾਨ ਦੀ ਪੈਕਿੰਗ ਨੂੰ ਫਾੜਨਾ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਸਾਮਾਨ ਦੀ ਪੈਕਿੰਗ ਖ਼ਰਾਬ ਹੁੰਦੀ ਹੈ, ਉੱਥੇ ਹੀ ਵਪਾਰੀਆਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ। ਇਸ ਲਈ ਕਸਟਮ ਵਿਭਾਗ ਨੂੰ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਦਰਾਮਦ ਵਸਤੂਆਂ ’ਚ ਹੈਰੋਇਨ ਫੜੀ ਜਾਣ ’ਤੇ ਵਪਾਰੀ ਹੁੰਦੇ ਹਨ ਪ੍ਰੇਸ਼ਾਨ
ਵਪਾਰੀਆਂ ਨੇ ਦੱਸਿਆ ਕਿ ਜਦੋਂ ਵੀ ਦਰਾਮਦ ਸਾਮਾਨ ਵਿਚ ਹੈਰੋਇਨ ਜਾਂ ਹੋਰ ਕਿਸੇ ਕਿਸਮ ਦੀ ਇਤਰਾਜ਼ਯੋਗ ਚੀਜ਼ ਦੀ ਖੇਪ ਫੜੀ ਜਾਂਦੀ ਹੈ ਤਾਂ ਵਪਾਰੀਆਂ, ਸੀ. ਐੱਚ. ਏ. ਅਤੇ ਇਸ ਨਾਲ ਸਬੰਧਤ ਹੋਰ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਸਟਮ ਸਮੇਤ ਹੋਰ ਵਿਭਾਗਾਂ ਵਲੋਂ ਵਪਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਵਪਾਰੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੰਡੋ ਫੌਰਨ ਚੈਂਬਰ ਵੀ ਕਈ ਵਾਰ ਕਰ ਚੁੱਕਿਆ ਹੈ ਸਕੈਨਰ ਲਗਾਉਣ ਦੀ ਮੰਗ
ਟਰੱਕ ਸਕੈਨਰਾਂ ਦੇ ਮਾਮਲੇ ਵਿਚ ਇੰਡੋ ਫੌਰਨ ਚੈਂਬਰ ਨੇ ਵੀ ਕੇਂਦਰ ਸਰਕਾਰ ਅਤੇ ਕਸਟਮ ਵਿਭਾਗ ਤੋਂ ਕਈ ਵਾਰ ਟਰੱਕ ਸਕੈਨਰ ਲਗਾਉਣ ਦੀ ਮੰਗ ਕੀਤੀ ਹੈ। ਚੈਂਬਰ ਦੇ ਪ੍ਰਧਾਨ ਬੀ. ਕੇ. ਬਜਾਜ ਨੇ ਕਸਟਮ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਕਈ ਵਾਰ ਇਹ ਮੁੱਦਾ ਉਠਾਇਆ ਹੈ।
ਵਪਾਰੀਆਂ ਲਈ ਮਸੀਹਾ ਬਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ
ਆਈ. ਪੀ. ਸੀ. ਦੇ ਟਰੱਕ ਸਕੈਨਰ ਤੋਂ ਲੈ ਕੇ ਜੀ. ਐੱਸ. ਟੀ. ਅਤੇ ਹੋਰ ਕਈ ਅਹਿਮ ਮੁੱਦਿਆਂ ’ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਇਸ ਸਮੇਂ ਵਪਾਰੀਆਂ ਦੇ ਮਸੀਹਾ ਬਣੇ ਹੋਏ ਹਨ। ਜਦੋਂ ਵੀ ਤਰੁਣ ਚੁੱਘ ਨੂੰ ਵਪਾਰੀਆਂ ਵਲੋਂ ਕਿਸੇ ਵੀ ਗੰਭੀਰ ਮੁੱਦੇ ਬਾਰੇ ਦੱਸਿਆ ਜਾਂਦਾ ਹੈ ਤਾਂ ਤਰੁਣ ਚੁੱਘ ਨੇ ਤੁਰੰਤ ਪ੍ਰਭਾਵ ਨਾਲ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਵਪਾਰੀਆਂ ਦੀ ਮੀਟਿੰਗ ਕਰਵਾਈ ਅਤੇ ਕਈ ਅਹਿਮ ਮੁੱਦਿਆਂ ਦਾ ਹੱਲ ਵੀ ਕੀਤਾ।