ਬਦਲਦੇ ਮੌਸਮ ਨੂੰ ਵੇਖ ਸਿਹਤ ਵਿਭਾਗ ਚੌਕਸ, ਦਿੱਤੀ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਦੀ ਜਾਣਕਾਰੀ
Saturday, Jun 21, 2025 - 11:57 AM (IST)

ਝਬਾਲ (ਨਰਿੰਦਰ)-ਸਿਵਲ ਸਰਜਨ ਤਰਨਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਮਨਜੀਤ ਸਿੰਘ ਰਟੌਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਝਬਾਲ ਦੀ ਰਹਿਨੁਮਾਈ ਹੇਠ ਪਿੰਡ ਪੱਧਰੀ ਕਲਾਂ ਦੇ ਏਰੀਏ ਦੇ ਲੋਕਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਸਬੰਧੀ ਜਾਗਰੁਕ ਕੀਤਾ ਗਿਆ ਅਤੇ ਬੁਖਾਰ ਦੇ ਸ਼ੱਕੀ ਕੇਸਾਂ ਦੀਆਂ ਬਲੱਡ ਸਲਾਈਡਾਂ ਬਣਾਈਆਂ। ਇਸ ਸਬੰਧੀ ਸਿਹਤ ਟੀਮ ਵੱਲੋਂ ਦੱਸਿਆ ਗਿਆ ਕਿ ਮੌਸਮ ਦੇ ਬਦਲਾਅ ਕਾਰਨ ਮੱਛਰਾਂ ਦੀ ਕਾਫੀ ਤਾਦਾਦ ਵੱਧ ਰਹੀ ਹੈ, ਸੋ ਸਾਨੂੰ ਇਨ੍ਹਾਂ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਜੇਕਰ ਪਾਣੀ ਜਮ੍ਹਾਂ ਹੈ, ਉਸ ਨੂੰ ਸਾਫ ਕਰ ਦੇਵੋ, ਜਾਂ ਮਿੱਟੀ ਪਾ ਕੇ ਪੂਰ ਦੇਵੋ, ਜਾਂ ਫਿਰ ਕਾਲਾ ਤੇਲ ਪਾ ਕੇ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਆਪਣੇ ਘਰਾਂ ਵਿਚ ਫਰਿਜਾਂ, ਕੂਲਰ, ਮਨੀ ਪਲਾਂਟ ਅਤੇ ਛੱਤ ਉਪਰ ਟੁੱਟੇ-ਭੱਜੇ ਸਾਮਾਨ ਵਿਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ, ਉਸ ਨੂੰ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ ਕੀਤਾ ਜਾਵੇ। ਰਾਤ ਨੂੰ ਸੌਣ ਵੇਲੇ ਪੂਰੀ ਬਾਂਹ ਵਾਲੇ ਕੱਪੜੇ ਪਹਿਨ ਕੇ ਜਾਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੇ ਵਸਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਤੇਜ਼ ਬੁਖਾਰ ਹੋਣ ਤੋਂ ਬਾਅਦ ਪਸੀਨਾ ਆਉਂਦਾ ਹੈ, ਸਰੀਰ ਟੁੱਟਦਾ-ਭੱਜਦਾ ਹੈ, ਉਲਟੀ ਨੂੰ ਮਨ ਕਰਦਾ ਹੈ ਤਾਂ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਜ਼ਰੂਰ ਸੂਚਿਤ ਕੀਤਾ ਜਾਵੇ। ਇਸ ਮੌਕੇ ਰਾਮ ਰਸ਼ਪਾਲ, ਰਬਿੰਦਰ ਸਿੰਘ ਐੱਸ.ਆਈ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਮੂਸੇ, ਗੁਰਮਿੰਦਰ ਸਿੰਘ ਰਾਮਰੋਣੀ, ਸਵਪਰਮਿੰਦਰ ਸਿੰਘ ਮਾਲੂਵਾਲ, ਮਲਟੀ ਪਰਪਜ਼ ਹੈਲਥ ਵਰਕਰ, ਮਲਕੀਤ ਸਿੰਘ ਬਰੀਡਰ ਚੈਕਰ ਆਦਿ ਹਾਜ਼ਰ ਸਨ।