ਲਗਾਤਾਰ ਹੋ ਰਹੀ ਬਰਸਾਤ ਨੇ ਕਿਸਾਨਾਂ ਦੀ ਵਧਾਈ ਹੋਰ ਚਿੰਤਾ, ਛੱਡਿਆ 2 ਲੱਖ 55 ਹਜ਼ਾਰ ਕਿਊਸਿਕ ਪਾਣੀ
Monday, Sep 01, 2025 - 11:41 AM (IST)

ਤਰਨਤਾਰਨ (ਰਮਨ)-ਪੰਜਾਬ ਵਿਚ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਐਤਵਾਰ ਹਰੀਕੇ ਹੈੱਡ ਵਰਕਸ ਵਿਖੇ 2 ਲੱਖ 66 ਹਜ਼ਾਰ ਕਿਊਸਿਕ ਪਾਣੀ ਪੁੱਜਾ, ਜਿਸ ਵਿਚੋਂ ਡਾਊਨ ਸਟਰੀਮ ਹੁਸੈਨੀਵਾਲਾ ਲਈ 2 ਲੱਖ 55 ਹਜ਼ਾਰ ਕਿਊਸਿਕ ਪਾਣੀ ਨੂੰ ਛੱਡ ਦਿੱਤਾ ਗਿਆ। ਇਥੇ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਦੋ ਦਰਜਨ ਤੋਂ ਵੱਧ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਜਿੱਥੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਉਥੇ ਹੀ ਉਨ੍ਹਾਂ ਦੀ ਮਦਦ ਲਈ ਮੰਤਰੀ ਲਾਲਜੀਤ ਸਿੰਘ ਭੁੱਲਰ ਮਸੀਹਾ ਬਣ ਕੇ ਮਦਦ ਲਈ ਘਰ-ਘਰ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਲਗਾਤਾਰ ਹੋ ਰਹੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਰੈਸਟੋਰੈਂਟ ਮਾਲਕ ਨੂੰ ਗੈਂਗਸਟਰ ਨੇ ਗੋਲੀਆਂ ਨਾਲ ਭੁੰਨਿਆ
ਜਾਣਕਾਰੀ ਦੇਣ ਅਨੁਸਾਰ ਸੂਬੇ ਵਿਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿਭਾਗ ਦੇ ਅਨੁਸਾਰ ਬਰਸਾਤ ਲਗਾਤਾਰ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਜਿਸ ਦੇ ਚੱਲਦਿਆਂ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਬਿਆਸ ਦਰਿਆ ਦੇ ਨਾਲ ਲੱਗਦੇ ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ। ਜਿਸ ਦੇ ਚੱਲਦਿਆਂ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਇਸ ਪਾਣੀ ਦੀ ਮਾਰ ਹੇਠ ਆਉਣ ਕਰਕੇ ਨੀਵੇਂ ਇਲਾਕਿਆਂ ਵਿਚ ਮੌਜੂਦ ਪਿੰਡਾਂ ਦੇ ਲੋਕ ਘਰੋਂ ਬੇਘਰ ਵੀ ਹੋ ਚੁੱਕੇ ਹਨ। ਇਨਾਂ ਹੀ ਨਹੀਂ ਇਸ ਪਾਣੀ ਦੀ ਮਾਰ ਨੇ ਪਸ਼ੂਆਂ ਉਪਰ ਵੀ ਕਾਫੀ ਮਾੜਾ ਅਸਰ ਪਾਇਆ ਹੈ। ਵਿਧਾਨ ਸਭਾ ਹਲਕਾ ਪੱਟੀ ਦੀ ਜੇ ਗੱਲ ਕਰੀਏ ਤਾਂ ਦਰਿਆ ਨਾ ਲੱਗਦੇ ਕਰੀਬ ਦੋ ਦਰਜਨ ਤੋਂ ਵੱਧ ਪਿੰਡ ਇਸ ਪਾਣੀ ਦੀ ਮਾਰ ਹੇਠ ਆਉਣ ਕਰਕੇ ਪ੍ਰਭਾਵਿਤ ਹੋਏ ਹਨ। ਪਿੰਡ ਕੋਟ ਬੁੱਢਾ, ਸਭਰਾ, ਪਾਰ ਜੱਲੋਕੇ, ਘੁੜੁੰਮ, ਕੁੱਤੀ ਵਾਲਾ, ਗੱਟੀ ਬਾਦਸ਼ਾਹ ਆਦਿ ਪਿੰਡਾਂ ਵਿਚ ਕਾਫੀ ਜ਼ਿਆਦਾ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ-ਗਲੀ ’ਚ ਖੇਡ ਰਹੇ ਮੁੰਡੇ ਨੂੰ ਔਰਤ ਨੇ ਪਿਲਾ ਦਿੱਤਾ ਕਾਹਵਾ, ਹੋਈ ਦਰਦਨਾਕ ਮੌਤ
ਅਜਿਹੇ ਪਿੰਡਾਂ ਵਿਚ ਕਈ ਘਰਾਂ ਅੰਦਰ ਮੌਜੂਦ ਪਰਿਵਾਰਾਂ ਜਿਨ੍ਹਾਂ ਵਿਚ ਬਜ਼ੁਰਗ ਅਤੇ ਛੋਟੇ ਬੱਚੇ ਵੀ ਸ਼ਾਮਲ ਸਨ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੁਦ ਬੇੜੀ ਵਿਚ ਜਾ ਕੇ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਿਨ-ਰਾਤ ਲੋਕਾਂ ਦੀ ਮਦਦ ਲਈ ਭੁੱਖੇ-ਪਿਆਸੇ ਮਸੀਹਾ ਬਣਦੇ ਹੋਏ ਨਜ਼ਰ ਆ ਰਹੇ ਹਨ। ਐਤਵਾਰ ਵਰਦੇ ਮੀਂਹ ਵਿਚ ਖੁਦ ਟਰੈਕਟਰ ਚਲਾ ਕੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਿੱਥੇ ਲੋਕਾਂ ਨੂੰ ਰਾਸ਼ਨ ਤੋਂ ਇਲਾਵਾ ਹੋਰ ਜ਼ਰੂਰੀ ਵਸਤੂਆਂ ਦੀ ਮਦਦ ਕੀਤੀ, ਉਥੇ ਹੀ ਪਸ਼ੂਆਂ ਲਈ ਚਾਰਾ ਅਤੇ ਹੋਰ ਦਵਾਈਆਂ ਮੁਹੱਈਆ ਕਰਵਾਈਆਂ।
ਇਹ ਵੀ ਪੜ੍ਹੋ- ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਇਸ ਮੌਕੇ ਤੰਬੂ ਲਗਾ ਕੇ ਸੜਕ ਕਿਨਾਰੇ ਬੈਠੇ ਇਕ ਪਰਿਵਾਰ ਦੀ ਮਦਦ ਕਰਨ ਪੁੱਜੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਾਵੁਕ ਹੁੰਦੇ ਹੋਏ ਦੱਸਿਆ ਕਿ ਪਾਣੀ ਦੀ ਇਸ ਕੁਦਰਤੀ ਮਾਰ ਕਰਕੇ ਭੱਟੀ ਹਲਕੇ ਦੇ ਦੋ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਮੌਜੂਦ ਸੈਂਕੜੇ ਪਰਿਵਾਰਾਂ ਨੂੰ ਬਣਦੀ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਮੰਤਰੀ ਭੁੱਲਰ ਨੇ ਦੱਸਿਆ ਕਿ ਮੁਸੀਬਤ ਦੀ ਘੜੀ ਵਿਚ ਪੰਜਾਬ ਸਰਕਾਰ ਲੋਕਾਂ ਦੀ ਮਦਦ ਲਈ 24 ਘੰਟੇ ਮੌਜੂਦ ਹੈ ਅਤੇ ਉਨ੍ਹਾਂ ਦੀ ਮਦਦ ਲਈ ਹਰ ਹਰ ਕਿਸਮ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਮੰਤਰੀ ਭੁੱਲਰ ਨੇ ਦੱਸਿਆ ਕਿ ਇਸ ਮੁਸੀਬਤ ਦੀ ਘੜੀ ਵਿਚ ਆਮ ਆਦਮੀ ਪਾਰਟੀ ਦੇ ਸਮੂਹ ਮੰਤਰੀ ਅਤੇ ਵਰਕਰ ਲੋਕਾਂ ਦੀ ਮਦਦ ਲਈ ਘਰ ਘਰ ਜਾ ਰਹੇ ਹਨ ਪ੍ਰੰਤੂ ਵਿਰੋਧੀ ਪਾਰਟੀਆਂ ਦੇ ਆਗੂ ਜੋ ਸਿਆਸੀ ਰੋਟੀਆਂ ਸੇਕਦੇ ਹੁੰਦੇ ਹਨ ਅੱਜ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਨਾਲ ਪ੍ਰਭਾਵਿਤ ਹਲਕਾ ਪੱਟੀ ਦੇ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਪੰਚਾਇਤੀ ਜ਼ਮੀਨ ਵਿਚੋਂ ਜਾਰੀ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ, ਦਿਲਬਾਗ ਸਿੰਘ ਚੇਅਰਮੈਨ, ਲਵਪ੍ਰੀਤ ਸਿੰਘ ਸਭਰਾ, ਸੋਨੂ ਕਿਰਤੋਵਾਲ, ਗੁਰਵਿੰਦਰ ਸਿੰਘ ਕਾਲੇਕੇ , ਸੁਖਚੈਨ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8