ਜਥੇਦਾਰਾਂ ਦੀ ਮੀਟਿੰਗ ’ਚ ਮਾਣ ਨਾਲ ਬੈਠਣ ਵਾਲੇ ‘ਗਿਆਨੀ ਗੌਹਰ’ ਨੂੰ ਦਰਵਾਜ਼ਾ ਖੁੱਲ੍ਹਣ ਦਾ ਕਰਨਾ ਪਿਆ ਇੰਤਜ਼ਾਰ
Monday, Nov 28, 2022 - 12:06 PM (IST)

ਅੰਮ੍ਰਿਤਸਰ (ਸਰਬਜੀਤ ਸਿੰਘ, ਜ.ਬ)- ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ, ਜਿਨਾਂ ਨੂੰ ਪਿਛਲੇ ਸਮੇਂ ’ਚ ਤਖ਼ਤਾਂ ਦੇ ਜਥੇਦਾਰਾਂ ਦੀ ਹਰ ਮੀਟਿੰਗ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਬਿਠਾਇਆ ਜਾਂਦਾ ਸੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਅੰਦਰ ਜਾਣ ਲਈ ਬਾਹਰ ਲਗਭਗ 15 ਮਿੰਟ ਤੱਕ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪਿਆ। 15 ਮਿੰਟ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਸਸਪਾਲ ਸਿੰਘ ਨੇ ਆ ਕੇ ਜਥੇਦਾਰ ਗੋਹਰ ਕੋਲੋ ਉਨ੍ਹਾਂ ਦਾ ਪੱਖ ਮਜ਼ਬੂਤ ਕਰਦੇ ਦਸਤਾਵੇਜ਼ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ- ਹਥਿਆਰ ਦੀ ਨੋਕ ’ਤੇ ਅਸ਼ਲੀਲ ਵੀਡੀਓ ਬਣਾ ਗਿਰੋਹ ਨੇ ਮੰਗੇ 8 ਲੱਖ ਰੁਪਏ, ਪੁਲਸ ਨੇ ਔਰਤ ਸਣੇ 3 ਨੂੰ ਗ੍ਰਿਫ਼ਤਾਰ
ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਜਿਵੇਂ ਹੀ ਗਿਆਨੀ ਗੌਹਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ ਪੁੱਜੇ ਤਾਂ ਸਕੱਤਰੇਤ ਦੇ ਅੰਦਰ ਪਹਿਲਾਂ ਤੋਂ ਮੌਜੂਦ ਜਥੇਦਾਰ ਦੇ ਸੁਰੱਖਿਆ ਕਰਮਚਾਰੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜ਼ਾ ਬੰਦ ਕਰ ਦਿੱਤਾ। ਆਪਣੇ ਨਾਲ ਹੋਏ ਇਸ ਵਤੀਰੇ ਨੂੰ ਦੇਖ ਕੇ ਜਥੇਦਾਰ ਗੌਹਰ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਮੌਕਾ ਸੰਭਾਲਦਿਆਂ ਭਾਰੀ ਮਨ ਨਾਲ ਸਕੱਤਰੇਤ ਦੇ ਬਾਹਰ ਲੱਗੇ ਬੈਂਚ ’ਤੇ ਬੈਠਣਾ ਠੀਕ ਸਮਝਿਆ।
ਇਹ ਵੀ ਪੜ੍ਹੋ- ਵੱਟ ਦੇ ਰੌਲੇ ਪਿੱਛੇ ਚੱਲੀਆਂ ਗੋਲ਼ੀਆਂ, ਦਾਦੇ-ਪੋਤੇ ਨੇ ਭੱਜ ਕੇ ਬਚਾਈ ਜਾਨ, ਦਾੜ੍ਹੀ-ਕੇਸਾਂ ਦੀ ਕੀਤੀ ਬੇਅਦਬੀ
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੌਹਰ ਨੇ ਕਿਹਾ ਕਿ ਡਾ.ਗੁਰਿੰਦਰ ਸਿੰਘ ਸਮਰਾ ਵੱਲੋਂ ਗੁਰੂ ਘਰ ਨੂੰ ਨਕਲੀ ਸਾਮਾਨ ਦਿੱਤਾ ਗਿਆ ਸੀ, ਜਿਸ ਦੀ ਪੜਤਾਲ ਕਰਵਾਏ ਜਾਣ ਦੇ ਬਾਅਦ ਸਮਰਾ ਆਪਣੀ ਗਲਤੀ ਮੰਨਣ ਦੀ ਬਜਾਏ ਮੇਰੇ ’ਤੇ ਤਰ੍ਹਾਂ-ਤਰ੍ਹਾਂ ਦੇ ਇਲਜਾਮ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਤੌਰ ਜਥੇਦਾਰ ਤਿੰਨ ਸਾਲ ਤੋਂ ਵਧ ਸਮਾਂ ਬੀਤ ਗਿਆ ਹੈ। ਮੈਂ ਹਰ ਤਰ੍ਹਾਂ ਦੀ ਪੜਤਾਲ ਕਰਵਾਉਣ ਨੂੰ ਤਿਆਰ ਹਾਂ। ਅੱਜ ਪੈਦਾ ਹੋਏ ਹਲਾਤਾਂ ਕਾਰਨ ਤਖ਼ਤ ਦੇ ਜਥੇਦਾਰ ਦੀ ਤੌਹੀਨ ਕੀਤੀ ਜਾ ਰਹੀ ਹੈ। ਸਾਰਾ ਕੁਝ ਗੈਰ ਵਿਧਾਨਕ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਬੁਧੀਜੀਵੀ ਤੇ ਜਥੇਦਾਰ ਮਿਲ ਬੈਠ ਕੇ ਸਾਰੇ ਮਾਮਲੇ ਦੇ ਹਲ ਕੱਢਣ। ਤਖ਼ਤ ਸਾਹਿਬ ਬੋਰਡ ਦੇ ਜਰਨਨ ਸਕੱਤਰ ਇੰਦਰਜੀਤ ਸਿੰਘ ਨੂੰ ਪੰਥ ਚੋਂ ਛੇਕੇ ਜਾਣ ਬਾਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੇ ਫੈਸਲੇ ’ਤੇ ਗੱਲ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਪੰਥ ’ਚੋਂ ਛੇਕਣ ਦਾ ਅਧਿਕਾਰ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਹੈ।