ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਗ੍ਰੰਥੀ ਵਿਰੁੱਧ ਕੇਸ ਦਰਜ

11/11/2020 9:16:22 PM

ਬਟਾਲਾ,(ਬੇਰੀ)-ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ 5 ਸ੍ਰੀ ਗੁਟਕਾ ਸਾਹਿਬ ਸਾੜਨ ਦੇ ਬਾਅਦ ਉਨ੍ਹਾਂ ਨੂੰ ਨਾਲੀ 'ਚ ਵਹਾਉਣ ਵਾਲੇ ਗੁਰਦੁਆਰੇ ਦੇ ਗ੍ਰੰਥੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਬਲਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਪੱਡੇ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਬੀਤੀ 9 ਨਵੰਬਰ ਨੂੰ ਸਵੇਰੇ 8 ਵਜੇ ਉਸ ਦੀ ਗੁਆਂਢੀ ਮੋਨਿਕਾ ਕੌਰ ਪਤਨੀ ਬਚਿੱਤਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਬਣੀ ਨਾਲੀ 'ਚ ਗੁਟਕਾ ਸਾਹਿਬ ਦੇ ਅੱਧਸੜੇ ਹੋਏ ਅੰਗ ਪਏ ਹਨ, ਜਿਸ ਤੋਂ ਤੁਰੰਤ ਬਾਅਦ ਉਸ ਨੇ ਅੰਗ ਹੱਥਾਂ ਨਾਲ ਚੁੱਕ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਗ੍ਰੰਥੀ ਬਾਬਾ ਪਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੋਠੇ ਜੋ ਕਰੀਬ 9-10 ਸਾਲਾਂ ਤੋਂ ਗੁਰਦੁਆਰਾ ਸਾਹਿਬ 'ਚ ਸੇਵਾ ਕਰ ਰਿਹਾ ਹੈ, ਦੇ ਹਵਾਲੇ ਕਰ ਦਿੱਤੇ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਬਾਹਰ ਜਾਂਦੀ ਪਾਈਪ ਵਿਚੋਂ ਅਤੇ ਕੁਝ ਕੋਲ ਪਏ ਲੋਹੇ ਦੇ ਪੀਪੇ ਵਿਚੋਂ ਗੁਟਕਾ ਸਾਹਿਬ ਦੇ ਅੰਗ ਇਕੱਠੇ ਕਰ ਕੇ ਉਸਨੇ ਫਿਰ ਗ੍ਰੰਥੀ ਬਾਬਾ ਪਲਵਿੰਦਰ ਸਿੰਘ ਨੂੰ ਪੁੱਛਿਆ ਤਾਂ ਉਹ ਤਸੱਲੀਬਖਸ਼ ਜੁਆਬ ਨਾ ਦੇ ਸਕਿਆ। ਇਸ ਤੋਂ ਬਾਅਦ ਉਸਨੇ ਮੋਹਤਬਰ ਵਿਅਕਤੀਆਂ ਨਾਲ ਗੱਲ ਕਰਦੇ ਹੋਏ ਜਾਂਚ ਪੜਤਾਲ ਕੀਤੀ ਅਤੇ ਗੁਰਦੁਆਰੇ 'ਚ ਲੱਗੇ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ 8.11.2020 ਦੀ ਰਾਤ ਸਵਾ 8 ਵਜੇ ਗੁਰਦੁਆਰੇ ਦੇ ਗ੍ਰੰਥੀ ਪਲਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ 'ਚ ਰੱਖੇ ਗਏ ਕਰੀਬ 5 ਗੁਟਕਾ ਸਾਹਿਬ ਸਾੜਨ ਦੇ ਬਾਅਦ ਨਾਲੀ ਵਿਚ ਵਹਾ ਕੇ ਬੇਅਦਬੀ ਕੀਤੀ ਹੈ। ਜਿਸ ਨਾਲ ਪਿੰਡ ਵਾਸੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਕਾਫੀ ਠੇਸ ਪਹੁੰਚੀ ਹੈ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਅਮਰੀਕ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਡੇਰਾ ਬਾਬਾ ਨਾਨਕ 'ਚ ਬਣਦੀਆਂ ਧਾਰਾਵਾਂ ਤਹਿਤ ਗੁਰਦੁਆਰੇ ਦੇ ਗ੍ਰੰਥੀ ਪਲਵਿੰਦਰ ਸਿੰਘ ਦੇ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।


 


Deepak Kumar

Content Editor

Related News