ਗੁਰਦਾਸਪੁਰ : ਪ੍ਰਸ਼ਾਸਨ ਨੇ ਪੇਂਡੂ ਤੇ ਸ਼ਹਿਰੀ ਪੱਧਰ ’ਤੇ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਕੀਤੀ ਤੇਜ਼

04/21/2021 3:30:41 PM

ਬਟਾਲਾ (ਕਲਸੀ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਦੀਆਂ ਕੋਸ਼ਿਸ਼ਾਂ ਸਦਕਾ ਜ਼ਿਲੇ ਅੰਦਰ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ, ਜਿਸ ਅਧੀਨ ਸਵਾ ਦੋ ਲੱਖ ਤੋਂ ਵੱਧ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗਠਿਤ ਵੱਖ-ਵੱਖ ਵੈਕਸੀਨੇਸ਼ਨ ਟੀਮਾਂ ਵਲੋਂ ਪੇਂਡੂ ਤੇ ਸ਼ਹਿਰੀ ਪੱਧਰ ’ਤੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਯੋਗ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।

ਵੈਕਸੀਨੇਸ਼ਨ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਕੱਲ ਤੱਕ 2 ਲੱਖ 13 ਹਜ਼ਾਰ 272 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 13 ਹਜ਼ਾਰ 907 ਵਿਅਕਤੀਆਂ ਨੂੰ ਦੂਸਰੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 40 ਤੋਂ 60 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ 1 ਲੱਖ 03 ਹਜ਼ਾਰ 215 ਅਤੇ 60 ਸਾਲ ਤੇ 60 ਸਾਲ ਦੀ ਉਮਰ ਤੋਂ ਵੱਧ 87 ਹਜ਼ਾਰ 834 ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਵਿਸ਼ੇਸ਼ ਕੈਂਪ ਲਗਾ ਕੇ ਵੈਕਸੀਨ ਲਗਾਈ ਜਾ ਰਹੀ ਹੈ, ਜਿਸ ਅਧੀਨ ਪਿੰਡਾਂ ਦੇ ਪੰਚਾਂ-ਸਰਪੰਚਾਂ ਦੇ ਸਹਿਯੋਗ ਨਾਲ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਅੰਦਰ ਵੀ ਵੱਖ-ਵੱਖ ਵਾਰਡਾਂ ’ਚ ਕੌਂਸਲਰਾਂ ਦੀ ਸਹਾਇਤਾ ਲਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਵਲੋਂ ਟੀਕਾਕਰਨ ਲਈ ਲੋੜੀਂਦੀਆਂ ਵੈਕਸੀਨੇਸ਼ਨ ਟੀਮਾਂ, ਬੂਥ ਲੈਵਲ ਅਫਸਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮਾਸਕ ਜ਼ਰੂਰ ਲਗਾਉਣ, ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ, ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਦੇ ਰਹਿਣ ਅਤੇ ਯੋਗ ਵਿਅਕਤੀ ਵੈਕਸੀਨ ਜ਼ਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਬੀਮਾਰੀ ਦੇ ਲੱਛਣ ਜਿਵੇਂ ਸਰੀਰ ਦਰਦ ਕਰਨਾ, ਸਾਹ ਲੈਣ ’ਚ ਮੁਸ਼ਕਿਲ ਆਉਣੀ, ਬੁਖਾਰ ਤੇ ਜ਼ੁਕਾਮ ਆਦਿ ਹੋਵੇ ਤਾਂ ਕੋਰੋਨਾ ਟੈਸਟ ਜ਼ਰੂਰ ਕਰਵਾਇਆ ਜਾਵੇ ਅਤੇ ਰਿਪੋਰਟ ਆਉਣ ਤਕ ਘਰ ’ਚ ਏਕਾਂਤਵਾਸ ਰਿਹਾ ਜਾਵੇ।


Manoj

Content Editor

Related News