ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ 2 ਕਰੋੜ 26 ਲੱਖ ਦੀ ਰਾਸ਼ੀ ਜਾਰੀ

01/11/2019 12:20:43 AM

ਅੰਮ੍ਰਿਤਸਰ,(ਦਲਜੀਤ)— ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਸਿੱਖਿਆ ਵਿਭਾਗ ਵਲੋਂ 2 ਕਰੋੜ 26 ਲੱਖ 24 ਹਜ਼ਾਰ ਦੀ ਰਾਸ਼ੀ ਜਾਰੀ ਕੀਤੀ ਗਈ। ਇਸ ਦੌਰਾਨ 36 ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕੀਤਾ ਜਾਵੇਗਾ, ਨਾਲ ਹੀ 15 ਹੋਰ ਸਰਕਾਰੀ ਸਕੂਲਾਂ ਨੂੰ ਸੈਲਫ ਮੇਡ ਸਮਾਰਟ ਸਕੂਲ ਤਹਿਤ ਸਮਾਰਟ ਕੀਤਾ ਜਾਵੇਗਾ। ਸੈਲਫ ਮੇਡ ਸਕੂਲਾਂ ਦੀ ਸੂਚੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਰੂਮਾਨ, ਨਾਗ ਕਲਾਂ, ਮਾਨਾਂਵਾਲਾ, ਧੂਲਕਾ, ਬੱਲ ਕਲਾਂ, ਸੋਹੀਆਂ ਕਲਾਂ, ਖਾਸਾ ਬਾਜ਼ਾਰ, ਤਲਵੰਡੀ ਦਸੌਂਧਾ ਸਿੰਘ, ਕੋਟ ਬਾਬਾ ਦੀਪ ਸਿੰਘ, ਕੋਟ ਮਾਹਣਾ ਸਿੰਘ ਰੋਡ, ਟਾਹਲੀ ਸਾਹਿਬ, ਮੁਰਾਦਪੁਰਾ (ਸਾਰੇ ਸੀਨੀਅਰ ਸੈਕੰਡਰੀ ਸਕੂਲ) ਹਨ। ਸਰਕਾਰੀ ਹਾਈ ਸਕੂਲ ਸੁਧਾਰ ਰਾਜਪੂਤਾਂ, ਨਵਾਂ ਤਨੇਲ ਤੇ ਚੀਚਾ ਸ਼ਾਮਲ ਕੀਤੇ ਗਏ ਹਨ।

ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਸਮਾਨ ਕਰਨ ਲਈ ਵਿਦਿਆਰਥੀਆਂ ਨੂੰ ਅਪ-ਟੂ-ਡੇਟ ਕੀਤਾ ਜਾਵੇਗਾ। ਇਨ੍ਹਾਂ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਨਾਲ ਬੱਚੇ ਪੜ੍ਹਾਈ ਕਰਨਗੇ। ਅੰਗਰੇਜ਼ੀ ਮਾਧਿਅਮ ਪੜ੍ਹਾਈ 6ਵੀਂ ਤੋਂ 9ਵੀ ਜਮਾਤ ਦੇ ਬੱਚਿਆਂ 'ਤੇ ਲਾਗੂ ਹੋਵੇਗੀ। 10ਵੀਂ ਤੇ 12ਵੀਂ ਜਮਾਤ ਨੂੰ ਪਹਿਲੇ ਪੜਾਅ ਤੋਂ ਛੋਟ ਦਿੱਤੀ ਜਾਵੇਗੀ। ਇਨ੍ਹਾਂ ਜਮਾਤਾਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ। ਹੌਲੀ-ਹੌਲੀ ਇਨ੍ਹਾਂ ਜਮਾਤਾਂ ਦੇ ਵਿਦਿਆਰਥੀ ਵੀ ਅੰਗਰੇਜ਼ੀ ਮਾਧਿਅਮ ਅਪਣਾਉਣਗੇ। ਸਮਾਰਟ ਸਕੂਲ ਦੀ ਜਮਾਤ 'ਚ ਪ੍ਰਾਜੈਕਟਰ, ਐੱਲ. ਈ. ਡੀ., ਕੋਰਸ ਕੰਪਿਊਟਰ 'ਤੇ ਆਧਾਰਿਤ ਹੋਵੇਗੀ। ਕੋਰਸ ਈ-ਕੰਟੈਂਟ 'ਤੇ ਆਧਾਰਿਤ ਹੋਵੇਗਾ, ਨਾਲ ਹੀ ਯੂਨੀਫਾਰਮ 'ਚ ਵੀ ਬਦਲਾਅ ਹੋਵੇਗਾ ਅਤੇ ਸਾਰੇ ਸਮਾਰਟ ਸਕੂਲਾਂ ਦੀ ਯੂਨੀਫਾਰਮ ਇਕੋ-ਜਿਹੀ ਹੋਵੇਗੀ । ਸਿੱਖਿਆ ਵਿਭਾਗ ਨੇ ਜ਼ਿਲੇ ਦੇ ਅਜਿਹੇ 21 ਸਕੂਲਾਂ ਨੂੰ ਚੁਣਿਆ ਹੈ, ਜਿਨ੍ਹਾਂ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਜਾਵੇਗਾ। ਇਹ ਦਰਜਾ ਕਾਗਜ਼ੀ ਨਾ ਹੋ ਕੇ ਅਸਲੀਅਤ ਦਾ ਰੂਪ ਅਖਤਿਆਰ ਕਰੇਗਾ। ਸਿੱਖਿਆ ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਲਗਭਗ 1 ਕਰੋੜ ਰੁਪਏ ਦੀ ਰਾਸ਼ੀ ਪਹਿਲੀ ਕਿਸ਼ਤ ਦੇ ਰੂਪ 'ਚ ਜਾਰੀ ਕਰ ਦਿੱਤੀ ਹੈ ਤੇ ਇਸ ਰਾਸ਼ੀ ਨਾਲ ਇਨ੍ਹਾਂ ਸਕੂਲਾਂ 'ਚ ਕੰਮ ਵੀ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ 'ਚ ਸਕੂਲਾਂ 'ਚ ਮੁੱਖ ਗੇਟ ਨੂੰ ਆਧੁਨਿਕ ਰੂਪ ਦੇਣ ਦੇ ਨਾਲ ਪਖਾਨਿਆਂ ਨੂੰ ਵੀ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰੀ ਖੇਤਰਾਂ 'ਚ ਸਥਿਤ ਸਰਕਾਰੀ ਸਕੂਲਾਂ ਨੂੰ ਆਧੁਨਿਕ ਅਤੇ ਸਮਾਰਟ ਬਣਾਉਣ ਲਈ ਵਿਸ਼ੇਸ਼ ਧਨ-ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਜਿਸ ਨਾਲ ਸਮਾਰਟ ਸਕੂਲਾਂ 'ਚ ਵਿਸ਼ੇਸ਼ ਪਾਰਕ, ਸਮਾਰਟ ਕਲਾਸ ਰੂਮ, ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਟਾਇਲਟ ਦੀ ਵਿਵਸਥਾ ਕੀਤੀ ਜਾਵੇ। ਪੇਂਡੂ ਖੇਤਰਾਂ 'ਚ ਸਥਿਤ ਸਰਕਾਰੀ ਸਮਾਰਟ ਸਕੂਲ ਲਈ ਮੇਨ ਗੇਟ ਨੂੰ ਆਕਰਸ਼ਕ ਬਣਾਇਆ ਜਾਵੇ, ਗਰਾਊਂਡ ਦੀ ਵਿਵਸਥਾ ਕੀਤੀ ਜਾਵੇ, ਇਸ ਤੋਂ ਇਲਾਵਾ ਕਲਾਸ ਰੂਮ ਤੇ ਟਾਇਲਟ ਆਧੁਨਿਕ ਹੋਣੇ ਚਾਹੀਦੇ ਹਨ।

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ 21 ਸਕੂਲਾਂ ਦੀ ਜੋ ਸੂਚੀ ਤਿਆਰ ਕੀਤੀ ਗਈ ਹੈ। ਉਹ ਇਸ ਤਰ੍ਹਾਂ ਹੈ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਕੰਨਿਆ, ਛੇਹਰਟਾ, ਸਹਿੰਸਰਾ, ਤਰਸਿੱਕਾ, ਕਿਆਮਪੁਰਾ, ਰਮਦਾਸ, ਹਰਸ਼ਾ ਛੀਨਾ, ਲੋਪੋਕੇ, ਚੱਬਾ, ਨੌਸ਼ਹਿਰਾ, ਖਿਲਚੀਆਂ, ਬਿਆਸ, ਬੰਡਾਲਾ, ਚਵਿੰਡਾ ਦੇਵੀ, ਮਜੀਠਾ, ਨਵਾਂਕੋਟ ਗਰਲਜ਼, ਸੁਲਤਾਨਵਿੰਡ ਕੰਨਿਆ, ਵੱਲਾ ਤੇ ਇਸ ਦੇ ਨਾਲ 3 ਹਾਈ ਸਕੂਲ ਸਰਕਾਰੀ ਹਾਈ ਸਕੂਲ ਭੀਲੋਵਾਲ ਪੱਕਾ, ਸਰਕਾਰੀ ਹਾਈ ਸਕੂਲ ਗੇਟ ਹਕੀਮਾਂ ਤੇ ਸਰਕਾਰੀ ਹਾਈ ਸਕੂਲ
ਫਤਿਹਪੁਰ ਨੂੰ ਸ਼ਾਮਿਲ ਕੀਤਾ ਗਿਆ ਹੈ।


Related News