ਬੱਸਾਂ ਵਾਲਿਆਂ ਨੇ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਵਜਾਇਆ ਬਿਗੁਲ

06/16/2020 6:55:28 PM

ਅੰਮ੍ਰਿਤਸਰ,(ਛੀਨਾ)- ਪੰਜਾਬ ਸਰਕਾਰ ਦੀਆ ਮਾੜੀਆਂ ਨੀਤੀਆਂ ਤੋਂ ਖਫਾ ਹੋਏ ਬੱਸਾਂ ਵਾਲਿਆਂ ਨੇ ਅੱਜ ਕੜਕਦੀ ਧੁੱਪ 'ਚ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਚੰਡੀਗੜ 'ਚ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕਰ ਦਿਤਾ ਹੈ। ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ 'ਚ ਪੂਰੇ ਪੰਜਾਬ ਤੋਂ ਇਕੱਠੇ ਹੋਏ ਅਹੁਦੇਦਾਰਾਂ ਤੇ ਮੈਂਬਰਾਂ ਨੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਖਿਆ ਕਿ ਇਸ ਲੋਕ ਵਿਰੋਧੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਅੱਗੇ ਟਰਾਂਸਪੋਰਟਰ ਕਿਸੇ ਕੀਮਤ 'ਤੇ ਨਹੀ ਝੁੱਕਣਗੇਂ, ਉਸ ਵਾਸਤੇ ਭਾਂਵੇ ਸਾਨੂੰ ਕੋਈ ਕੁਰਬਾਨੀ ਹੀ ਕਿਉਂ ਨਾ ਦੇਣੀ ਪੈ ਜਾਵੇ। 
ਇਸ ਮੌਕੇ ਸੰਬੋਧਨ ਕਰਦਿਆਂ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪੰਜਾਬ 'ਚ ਕਰਫਿਊ ਲੱਗਣ ਤੋਂ ਬਾਅਦ ਬੱਸਾਂ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ, ਜਿਸ ਕਾਰਨ ਸਰਕਾਰ ਇਕ ਸਾਲ ਦਾ ਟੈਕਸ ਮੁਆਫ ਕਰੇ, ਜਿਨਾ ਗੱਡੀਆਂ ਦੀ ਪਾਸਿੰਗ ਲੰਘ ਚੁੱਕੀ ਹੈ ਉਹ ਬਿਨਾ ਜ਼ੁਰਮਾਨਾ ਪਾਸ ਕੀਤੀਆਂ ਜਾਣ, ਕੋਵਿਡ-19 ਕਾਰਨ ਬੱਸਾਂ ਦੀ ਇੰਸ਼ੋਰੈਂਸ ਦਾ ਸਮਾਂ ਵਧਾਇਆ ਜਾਵੇ, ਮਿੰਨੀ ਬੱਸਾਂ ਦੇ ਪੁਰਾਣੇ ਪਰਮਿੱਟ ਬਿਨਾ ਸ਼ਰਤ ਰੀਨੀਊ ਕੀਤੇ ਜਾਣ, ਨਵੇਂ ਪਰਮਿੱਟ ਸਿਰਫ ਉਸ ਰੂਟ 'ਤੇ ਹੀ ਜਾਰੀ ਕੀਤੇ ਜਾਣ, ਜਿਥੇ ਕੋਈ ਮਿੰਨੀ ਬੱਸ ਨਹੀ ਚੱਲ ਰਹੀ। ਬੱਬੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਬੱਸਾਂ 'ਤੇ ਕੰਮ ਕਰਨ ਵਾਲੇ ਡਰਾਇਵਰ, ਕਡੰਕਟਰ, ਅੱਡਾ ਇੰਚਾਰਜ ਤੇ ਮਿਸਤਰੀ ਵੀ ਵਹਿਲੇ ਬੈਠੇ ਹਨ, ਜਿੰਨਾ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 5 ਹਜ਼ਾਰ ਰੁਪਏ ਦੀ ਸਹਾਇਤਾ ਦਿਤੀ ਜਾਣੀ ਚਾਹੀਦੀ ਹੈ। ਬੱਬੂ ਨੇ ਪੂਰੇ ਰੋਹ 'ਚ ਆਖਿਆ ਕਿ ਪੰਜਾਬ ਸਰਕਾਰ ਨੂੰ ਹੁਣ ਤੱਕ ਅਸੀਂ ਬਹੁਤ ਅਪੀਲਾਂ ਕਰ ਚੁੱਕੇ ਹਾਂ ਪਰ ਹੁਣ ਅਪੀਲ ਨਹੀ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਅਜੇ ਵੀ ਅਣਗੋਲਿਆ ਕੀਤਾ ਤਾਂ ਪੰਜਾਬ ਦੇ ਸਮੂਹ ਬੱਸ ਆਪ੍ਰੇਟਰਾਂ ਤੇ ਵਰਕਰਾਂ ਵੱਲੋਂ 15 ਜੁਲਾਈ ਨੂੰ ਚੰਡੀਗੜ੍ਹ 'ਚ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਦਾ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਭੁੱਖ ਹੜਤਾਲ 'ਤੇ ਬੈਠਿਆ ਜਾਵੇਗਾ, ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰਾਂ ਦੀ ਸਥਿਤੀ ਲਈ ਕੈਪਟਨ ਸਰਕਾਰ ਹੀ ਜਿੰਮੇਵਾਰ ਹੋਵੇਗੀ। 


ਔਰਤਾਂ ਨੂੰ ਸਰਕਾਰ ਸਿਲਾਈ ਕਢਾਈ ਦਾ ਵਿਭਾਗ ਦੇਵੇ : ਚੌਧਰੀ ਮੰਨਣ 
ਇਸ ਮੌਕੇ ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਬੱਸਾਂ ਅਤੇ ਟਰੱਕਾਂ 'ਤੇ ਔਰਤਾਂ ਨਹੀਂ ਮਰਦ ਕੰਮ ਕਰਦੇ ਹਨ ਪਰ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਸਰਕਾਰ ਨੇ ਇਨ੍ਹਾਂ ਅਹਿਮ ਮਹਿਕਮੇ ਔਰਤਾਂ ਦੇ ਹਵਾਲੇ ਕੀਤੇ ਹੋਏ ਹਨ,ਜਿੰਨਾ ਨੂੰ ਟਰਾਂਸਪੋਰਟ ਦੇ ਬਾਰੇ 'ਚ ਇਲਮ ਹੀ ਕੋਈ ਨਹੀਂ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਨਾਲ ਹੁਣ ਤੱਕ ਅਸੀਂ ਕਈ ਵਾਰ ਆਪਣੀਆਂ ਮੁਸ਼ਕਿਲਾਂ ਸਬੰਧੀ ਮੁਲਾਕਾਤ ਕਰ ਚੁੱਕੇ ਹਾਂ ਪਰ ਅਜੇ ਤੱਕ ਸਾਡੀਆਂ ਸਮੱਸਿਆਵਾਂ ਹੱਲ ਨਹੀ ਹੋ ਸਕੀਆਂ, ਸਰਕਾਰ ਔਰਤਾਂ ਨੂੰ ਸਿਲਾਈ ਕਢਾਈ ਤੇ ਆਸ਼ਾ ਵਰਕਰਾਂ ਦਾ ਮਹਿਕਮਾ ਦੇਵੇ ਟਰਾਂਸਪੋਰਟ ਵਿਭਾਗ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। 
ਇਸ ਮੌਕੇ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪੰਜਾਬ ਚੇਅਰਮੈਨ ਬਲਵਿੰਦਰ ਸਿੰਘ ਬਹਿਲਾ, ਜਗਜੀਤ ਸਿੰਘ ਢਿੱਲੋਂ, ਤਰਲੋਕ ਸਿੰਘ ਬਟਾਲਾ, ਜਗਦੀਸ਼ ਸਿੰਘ ਵਡਾਲਾ, ਹਰਪਿੰਦਰ ਸਿੰਘ ਹੈਪੀ ਮਾਨ, ਵਿਨੈ ਸ਼ਰਮਾ ਨੰਗਲ, ਕਮਲਜੀਤ ਸਿੰਘ ਬਿੱਟੂ ਦੀਨਾ ਨਗਰ, ਗੁਰਦੀਪ ਸਿੰਘ ਗੜਸ਼ੰਕਰ, ਕੇਵਲ ਕ੍ਰਿਸ਼ਨ, ਕੰਵਲਪ੍ਰੀਤ ਸਿੰਘ ਕੰਵਲ, ਗੁਰਿੰਦਰ ਸਿੰਘ ਗੁਰਾਇਆ, ਸੁਖਬੀਰ ਸਿੰਘ ਸੋਹਲ ਤੇ ਪਾਲ ਸਿੰਘ ਸਹੋਤਾ ਸਮੇਤ ਪੂਰੇ ਪੰਜਾਬ 'ਚੋਂ ਵੱਡੀ ਗਿਣਤੀ 'ਚ ਪਹੁੰਚੇ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਇਸ ਵਾਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾਇਆ ਗਿਆ ਹੈ ਤੇ ਪੂਰੇ ਪੰਜਾਬ ਦੇ ਬੱਸ ਆਪ੍ਰੇਟਰ ਆਪਣੇ ਪਰਿਵਾਰਾਂ ਸਮੇਤ ਸਰਕਾਰ ਖਿਲਾਫ ਸੜਕਾਂ 'ਤੇ ਉਤਰਨਗੇ।
 


Deepak Kumar

Content Editor

Related News