ਕਰੋੜਾਂ ਰੁਪਏ ਕੀਮਤ ਦੀ ਸਰਕਾਰੀ ਗੁਰਦਾਸਪੁਰ ਦੀ ਸਰਵਿਸ ਕਲੱਬ ਬਣੀ ਖੰਡਰ

Friday, May 05, 2023 - 12:51 PM (IST)

ਕਰੋੜਾਂ ਰੁਪਏ ਕੀਮਤ ਦੀ ਸਰਕਾਰੀ ਗੁਰਦਾਸਪੁਰ ਦੀ ਸਰਵਿਸ ਕਲੱਬ ਬਣੀ ਖੰਡਰ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਸ਼ਹਿਰ 'ਚ ਬਣੀ ਸਰਵਿਸ ਕਲੱਬ ਜੋ ਕਦੀ ਸ਼ਹਿਰ ਲਈ ਇਕ ਸ਼ਾਨ ਸਮਝੀ ਜਾਂਦੀ ਸੀ ਅਤੇ ਇਸ ਦਾ ਮੈਂਬਰ ਹੋਣਾ ਕਦੇ ਮਾਣ ਦੀ ਗੱਲ ਸਮਝਿਆ ਜਾਂਦਾ ਸੀ। ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਬਣੀ ਇਹ ਸਰਵਿਸ ਕਲੱਬ ਇਸ ਸਮੇਂ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਪਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਹੁਣ ਇਸ ਕਲੱਬ ਦੇ ਪ੍ਰਤੀ ਵਿਸ਼ੇਸ਼ ਰੁਚੀ ਲੈਣ ਨਾਲ ਇਸ ਕਲੱਬ ਦੀ ਕਾਇਆਕਲਪ ਹੋਣ ਦੀ ਸੰਭਾਵਨਾ ਬਣ ਗਈ ਹੈ। ਜਲਦੀ ਹੀ ਇਹ ਕਲੱਬ ਲੱਗਦਾ ਹੈ ਕਿ ਲੋਕਾਂ ਲਈ ਇਕ ਵਾਰ ਫਿਰ ਆਕਰਸ਼ਣ ਦਾ ਕੇਂਦਰ ਬਣੇਗੀ।

ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'

ਗੁਰਦਾਸਪੁਰ ਸ਼ਹਿਰ ਦੇ ਅਧਿਕਾਰੀਆਂ ਲਈ ਕਿਸੇ ਤਰ੍ਹਾਂ ਦਾ ਮਨੋਰੰਜਨ ਸਾਧਨ ਨਾ ਹੋਣ ਅਤੇ ਅਧਿਕਾਰੀਆਂ ਦੇ ਪਰਿਵਾਰਾਂ ਲਈ ਆਪਸ ’ਚ ਮਿਲਣ ਲਈ ਸਾਲ 1981 ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਏ. ਕੇ. ਕੁੰਦਰਾ ਨੇ ਇਹ ਯੋਜਨਾ ਬਣਾ ਕੇ ਬੱਸ ਸਟੈਂਡ ਦੇ ਪਿੱਛੇ ਵਾਲੀ ਸੜਕ ’ਤੇ ਪ੍ਰਸ਼ਾਸਨ ਦੀ ਲਗਭਗ 8 ਕਨਾਲ ਜ਼ਮੀਨ ’ਤੇ ਇਕ ਸਰਵਿਸ ਕਲੱਬ ਬਣਾਉਣ ਦੀ ਯੋਜਨਾ ਬਣਾਈ। ਇਸ ਸਬੰਧੀ ਏ. ਕੇ. ਕੁੰਦਰਾ ਡਿਪਟੀ ਕਮਿਸ਼ਨਰ ਨੇ ਇਸ ਕਲੱਬ ਨੂੰ ਬਣਾਉਣ ਲਈ 27 ਜੁਲਾਈ 1981 ਨੂੰ ਨੀਂਹ ਪੱਥਰ ਰੱਖਿਆ ਅਤੇ ਇਸ ’ਤੇ ਇਕ ਆਧੁਨਿਕ ਇਮਾਰਤ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਜਦ ਇਹ ਸਰਵਿਸ ਕਲੱਬ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਇਸ ਦਾ ਉਦਘਾਟਨ 20 ਫਰਵਰੀ 1982 ਨੂੰ ਉਸ ਸਮੇਂ ਦੇ ਪੰਜਾਬ ਦੇ ਮੁੱਖ ਸਕੱਤਰ ਆਈ. ਸੀ. ਪੁਰੀ ਨੇ ਕੀਤਾ ਅਤੇ ਇਸ ਸਰਵਿਸ ਕਲੱਬ ਵਿਚ ਸਭ ਤੋਂ ਪਹਿਲਾਂ ਤਾਂ ਸੀਨੀਅਰ ਅਧਿਕਾਰੀ, ਜੱਜ ਆਦਿ ਦੇ ਪਰਿਵਾਰ ਹੀ ਮੈਂਬਰ ਬਣੇ, ਜਦਕਿ ਬਾਅਦ ਵਿਚ ਕੁਝ ਡਾਕਟਰਾਂ ਆਦਿ ਨੂੰ ਵੀ ਇਸ ਦਾ ਮੈਂਬਰ ਬਣਾ ਦਿੱਤਾ ਗਿਆ।

ਇਸ ਕਲੱਬ ’ਚ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣ ਲੱਗੇ ਪਰ ਕੁਝ ਸਾਲਾਂ ਤੋਂ ਇਸ ਕਲੱਬ ਦੇ ਬੁਰੇ ਦਿਨ ਸ਼ੁਰੂ ਹੋ ਗਏ। ਕਲੱਬ ਵਿਚ ਪਿਆ ਸਾਮਾਨ ਖ਼ਰਾਬ ਹੋ ਗਿਆ ਅਤੇ ਬਾਥਰੂਮਾਂ ਦੀ ਹਾਲਤ ਖ਼ਰਾਬ ਹੋ ਗਈ। ਇਸ ਤਰ੍ਹਾਂ ਹੌਲੀ-ਹੌਲੀ ਇਸ ਦੀਆਂ ਛੱਤਾਂ ਦਾ ਟੁੱਟਣਾ ਸ਼ੁਰੂ ਹੋਇਆ ਅਤੇ ਲੋਕ ਦਰਵਾਜ਼ੇ ਅਤੇ ਖਿੜਕੀਆਂ ਤੱਕ ਉਤਾਰ ਕੇ ਲੈ ਗਏ।

ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ

ਇਸ ਸਮੇਂ ਕੀ ਸਥਿਤੀ ਹੈ ਸਰਵਿਸ ਕਲੱਬ ਦੀ

ਜਦੋਂ ਇਸ ਸਰਵਿਸ ਕਲੱਬ ਵਿਚ ਜਾ ਕੇ ਵੇਖਿਆ ਜਾਵੇ ਤਾਂ ਜੋ ਕਲੱਬ ਕਦੀ ਸ਼ਹਿਰ ਲਈ ਜ਼ਿਲ੍ਹਾ ਅਧਿਕਾਰੀਆਂ ਸਮੇਤ ਸ਼ਹਿਰ ਲਈ ਇਕ ਸ਼ਾਨ ਹੋਇਆ ਕਰਦੀ ਸੀ, ਅੱਜ ਉਸ ’ਚ ਆਵਾਰਾ ਕੁੱਤੇ ਸੁੱਤੇ ਦਿਖਾਈ ਦਿੰਦੇ ਹਨ। ਇਸ ਕਲੱਬ ਦੀ ਛੱਤ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਅਤੇ ਫਰਸ਼ ਵੀ ਟੁੱਟ ਚੁੱਕਾ ਹੈ। ਇਮਾਰਤ ਦੀ ਇਕ ਵੀ ਖਿੜਕੀ ਜਾਂ ਦਰਵਾਜ਼ਾ ਦਿਖਾਈ ਨਹੀਂ ਦਿੰਦਾ। ਮੁੱਖ ਦਰਵਾਜ਼ਾ ਵੀ ਚੋਰੀ ਹੋ ਚੁੱਕਾ ਹੈ। ਇਸ ਦਾ ਨਾ ਤਾਂ ਗੇਟ ਦਿਖਾਈ ਦਿੰਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਫੁਲ ਜਾਂ ਪੌਦਾ ਦਿਖਾਈ ਦਿੰਦਾ ਹੈ।

ਡੀ. ਸੀ. ਦੇ ਯਤਨਾਂ ਨਾਲ ਫਿਰ ਤੋਂ ਕਾਇਆ ਕਲਪ ਹੋਣ ਦੀ ਬਣੀ ਆਸ਼

ਇਸ ਸਰਵਿਸ ਕਲੱਬ ਸਬੰਧੀ ‘ਜਗ ਬਾਣੀ’ ਨੇ ਬੀਤੇ ਸਮੇਂ ’ਚ ਮੁੱਦਾ ਉਠਾਇਆ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਾਰਜਭਾਰ ਸੰਭਾਲਣ ਤੋਂ ਬਾਅਦ ਜਿਥੇ ਕਈ ਤਰ੍ਹਾਂ ਦੇ ਇਲਾਕਿਆਂ ’ਚ ਸੁਧਾਰ ਕੀਤੇ, ਉਥੇ ਉਨ੍ਹਾਂ ਦੀ ਨਜ਼ਰ ਹੁਣ ਇਸ ਕਲੱਬ ਦੇ ਸੁਧਾਰ ’ਤੇ ਪਈ ਹੈ। ਉਨ੍ਹਾਂ ਇਸ ਕਲੱਬ ਦਾ 2-3 ਵਾਰ ਆ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਯੋਜਨਾ ਬਣਾਈ ਹੈ। ਇਸ ਇਮਾਰਤ ਦੀ ਇਕ ਤਾਂ ਪੂਰੀ ਤਰ੍ਹਾਂ ਨਾਲ ਮੁਰੰਮਤ ਕਰਵਾ ਕੇ ਇਸ ਨੂੰ ਨਵਾਂ ਰੂਪ ਦਿੱਤਾ ਜਾਵੇਗਾ।

ਇਸ ਤਰ੍ਹਾਂ ਇਸ ਇਮਾਰਤ ਦੇ ਨਾਲ ਲੱਗਦੀ ਜ਼ਮੀਨ ਜੋ ਬਹੁਤ ਹੀ ਸਖ਼ਤ ਹੋ ਚੁੱਕੀ ਹੈ, ਦੀ ਇਕ ਇਕ ਫੁੱਟ ਤੱਕ ਖੁਦਾਈ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਇਸ ਜ਼ਮੀਨ ’ਤੇ ਨਵੀਂ ਮਿੱਟੀ ਪਾਈ ਜਾਵੇਗੀ ਅਤੇ ਉਥੇ ਘਾਹ ਲਾਉਣ ਦੀ ਯੋਜਨਾ ਹੈ, ਨਾਲ ਹੀ ਕੁਝ ਆਧੁਨਿਕ ਚੀਜ਼ਾਂ ਵੀ ਕਲੱਬ ’ਚ ਸਥਾਪਿਤ ਕਰ ਕੇ ਇਸ ਦੀ ਕਾਇਆਕਲਪ ਕਰਨ ਦੀ ਯੋਜਨਾ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਕਲੱਬ ਦੇ ਫਿਰ ਤੋਂ ਦਿਨ ਫਿਰਨ ਵਾਲੇ ਹਨ ਅਤੇ ਇਹ ਕਲੱਬ ਫਿਰ ਤੋਂ ਆਪਣੀ ਪੁਰਾਣੀ ਸ਼ਾਨ ਬਹਾਲ ਕਰੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News