ਹੈਰਾਨੀਜਨਕ:ਗੋਇੰਦਵਾਲ ਸਾਹਿਬ ਦੇ ਇਸ ਸਰਕਾਰੀ ਸਕੂਲ ’ਚ 450 ਬੱਚਿਆਂ ਨੂੰ ਪੜ੍ਹਾਉਂਦੀ ਹੈ ਇਕ ਅਧਿਆਪਕ (ਤਸਵੀਰਾਂ)
Tuesday, Dec 07, 2021 - 02:50 PM (IST)
ਤਰਨਤਾਰਨ (ਸੁਖਦੇਵ ਰਾਜ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਸੂਬਾ ਵਾਸੀਆਂ ਨੂੰ ਸੁੱਖ ਸਹੂਲਤਾਂ ਦੇਣ ਵਾਸਤੇ ਨਿੱਤ ਨਵੇਂ ਐਲਾਨ ਕਰ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਗੋਇੰਦਵਾਲ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਮਿਲੀ ਹੈ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਜਿਸ ’ਤੇ ਅਸਰ ਕਰਦਿਆਂ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ। ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਤਾਂ ਦਿੱਤਾ ਪਰ ਇਨ੍ਹਾਂ ਸਕੂਲਾਂ ਨੂੰ ਸਹੂਲਤਾਂ ਦੇਣ ਵਿੱਚ ਅਸਮਰੱਥ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ 450 ਬੱਚੇ ਹੋਣ ਦੇ ਬਾਵਜੂਦ ਉੱਥੇ ਪੜ੍ਹਾਉਣ ਲਈ ਸਿਰਫ਼ ਇੱਕ ਅਧਿਆਪਕ ਹੀ ਮਿਲਿਆ ਹੈ। ਇਸ ਸਕੂਲ ਵਿੱਚ 8 ਈ.ਟੀ.ਟੀ. ਅਧਿਆਪਕ 4 ਪ੍ਰੀ ਪ੍ਰਾਇਮਰੀ 1. ਐੱਚ. ਟੀ. ਸੀ. ਦੀਆਂ 13 ਪੋਸਟਾਂ ਹੋਣ ਦੇ ਬਾਵਜੂਦ ਬੱਚਿਆਂ ਨੂੰ ਇੱਕ ਅਧਿਆਪਕ ਹੀ ਪੜ੍ਹਾ ਰਿਹਾ ਹੈ। ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕ ਨਾ ਹੋਣ ਕਾਰਨ ਸੱਖਣੇ ਪਏ ਹਨ। ਪੰਜਾਬ ਸਰਕਾਰ ਨੂੰ ਇਸ ਬਾਰੇ ਕੋਈ ਵੀ ਚਿੰਤਾ ਨਹੀਂ ਹੈ। ਇਸ ਸਕੂਲ ਵਿਚ ਪੜ੍ਹਦੇ 450 ਬੱਚਿਆਂ ਦਾ ਭਵਿੱਖ ਸਰਕਾਰ ਦੀ ਅਣਦੇਖੀ ਕਾਰਨ ਦਾਅ ’ਤੇ ਲੱਗਾ ਹੋਇਆ ਹੈ।
ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਵਜੋਂ ਅੱਜ ਗੋਇੰਦਵਾਲ ਸਾਹਿਬ ਦੇ ਵਾਸੀ ਅਵਤਾਰ ਸਿੰਘ ਗਿੱਲ, ਜਗਜੀਤ ਸਿੰਘ ਸੰਧੂ, ਡਾ. ਹਰਪ੍ਰੀਤ ਸਿੰਘ ਬੱਬਾ, ਸੂਬੇਦਾਰ ਬਲਕਾਰ ਸਿੰਘ ਆਦਿ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਵਲੋਂ ਅਪੀਲ ਕਰਨ ’ਤੇ ਬੱਚੇ ਸਰਕਾਰੀ ਸਕੂਲ ’ਚ ਪਾਏ ਹਨ। ਸਟਾਫ਼ ਦੀ ਘਾਟ ਕਾਰਨ ਬੱਚੇ ਸਕੂਲ ਤਾਂ ਜਾਂਦੇ ਨੇ ਪਰ ਉੱਥੇ ਕੋਈ ਪੜ੍ਹਾਈ ਨਹੀਂ ਹੁੰਦੀ। ਬੱਚੇ ਜਿਵੇਂ ਸਕੂਲ ਜਾਂਦੇ ਨੇ, ਓਦਾਂ ਹੀ ਘਰੇ ਵਾਪਸ ਆ ਜਾਂਦੇ ਨੇ। ਨਾ ਹੀ ਸਕੂਲ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾ ਹੀ ਘਰ ਵਾਸਤੇ ਕੋਈ ਹੋਮ ਵਰਕ ਦਿੱਤਾ ਜਾਂਦਾ ਹੈ। ਬੱਚਿਆਂ ਦੇ ਉੱਜਲ ਭਵਿੱਖ ਲਈ ਜੇਕਰ ਇਸ ਸਕੂਲ ਵਿੱਚ ਸਟਾਫ਼ ਨਹੀਂ ਆਉਂਦਾ ਤਾਂ ਇਹ ਸਕੂਲ ਸਾਡੇ ਲਈ ਬਹੁਤ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।
ਬੱਚਿਆਂ ਦੇ ਮਾਪਿਆਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਕੂਲ ’ਚ ਜਲਦੀ ਤੋਂ ਜਲਦੀ ਅਧਿਆਪਕ ਭੇਜੇ ਜਾਣ ਤਾਂ ਜੋ ਬੱਚਿਆਂ ਦਾ ਸੁਨਹਿਰੀ ਭਵਿੱਖ ਖ਼ਰਾਬ ਨਾ ਹੋ ਸਕੇ। ਇਸ ਸੰਬੰਧੀ ਜਦੋਂ ਬੀ.ਪੀ.ਈ.ਓ ਦਿਲਬਾਗ ਸਿੰਘ ਨੇ ਪੱਤਰਕਾਰਾਂ ਵਲੋਂ ਸਵਾਲ ਪੁੱਛਣ ’ਤੇ ਦੱਸਿਆ ਕਿ ਸਕੂਲ ਵਿੱਚ ਟੀਚਰ ਨਾ ਹੋਣ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਹੈ। ਬਹੁਤ ਜਲਦ ਇਸ ਦਾ ਹੱਲ ਕੱਢ ਲਿਆ ਜਾਵੇਗਾ।