ਪੜ੍ਹਨ ਗਈਆਂ ਬੱਚੀਆਂ ਨੂੰ ਬਿਠਾ ਦਿੱਤਾ ਕਲਾਸ ਦੇ ਬਾਹਰ, ਕਾਰਨ ਪੁੱਛਣ ’ਤੇ ਸਕੂਲ ਪ੍ਰਬੰਧਕਾਂ ਨੇ ਕੀਤੀ ਬਦਤਮੀਜ਼ੀ

Thursday, Apr 28, 2022 - 12:50 PM (IST)

ਪੜ੍ਹਨ ਗਈਆਂ ਬੱਚੀਆਂ ਨੂੰ ਬਿਠਾ ਦਿੱਤਾ ਕਲਾਸ ਦੇ ਬਾਹਰ, ਕਾਰਨ ਪੁੱਛਣ ’ਤੇ ਸਕੂਲ ਪ੍ਰਬੰਧਕਾਂ ਨੇ ਕੀਤੀ ਬਦਤਮੀਜ਼ੀ

ਅੰਮ੍ਰਿਤਸਰ (ਗੁਰਿੰਦਰ ਸਾਗਰ) - ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਤਹਿਤ ਮੁੱਖ ਮੰਤਰੀ  ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਮਨਮਾਨੀ ’ਤੇ ਸਖ਼ਤ ਰੋਕ ਲਗਾ ਦਿੱਤੀ ਗਈ ਹੈ ਪਰ ਕਈ ਸਕੂਲਾਂ ਦੀ ਮਨਮਾਨੀ ਰੁੱਕਣ ਦਾ ਨਾਮ ਨਹੀਂ ਲੈ ਰਹੀ। ਅਜਿਹਾ ਮਾਮਲਾ ਅੰਮ੍ਰਿਤਸਰ ’ਚ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਪਹਿਲੇ ਦਿਨ ਫੀਸ ਨਾਲ ਦੇਣ ’ਤੇ 2 ਛੋਟੀਆਂ ਬੱਚੀਆਂ ਨੂੰ ਸਕੂਲ ਅਧਿਆਪਕਾਂ ਨੇ ਉਨ੍ਹਾਂ ਨੂੰ ਕਲਾਸ ਤੋਂ ਬਾਹਰ ਕੱਢ ਦਿੱਤਾ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਵੇਸ਼ ਨੇ ਦੱਸਿਆ ਕਿ ਉਹ ਆਪਣੀਆਂ ਦੋਵੇਂ ਬੱਚੀਆਂ ਦਾ ਦਾਖ਼ਲਾ ਕਰਵਾਉਣ ਲਈ 100 ਫੁੱਟੀ ਰੋਡ ’ਤੇ ਸਥਿਤ ਸਕੂਲ ਸਪਰਿੰਗ ਫੀਲਡ ਗਏ, ਜਿੱਥੇ ਉਨ੍ਹਾਂ ਨੇ ਦੋਵਾਂ ਦੀ ਐਡਮਿਸ਼ਨ ਫ਼ੀਸ 26 ਹਜ਼ਾਰ 200 ਰੁਪਏ ਦੱਸੀ। ਮੈਂ ਸਕੂਲ ਅਧਿਆਪਕਾਂ ਨੂੰ ਐਡਮਿਸ਼ਨ ਫ਼ੀਸ ਆਨਲਾਈਨ ਦੇਣ ਦੀ ਗੱਲ ਕਹੀ ਪਰ ਉਨ੍ਹਾਂ ਨੇ ਆਨਲਾਈਨ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ। ਪੈਸੇ ਦੀ ਰਸੀਦ ਮੰਗਣ ’ਤੇ ਉਨ੍ਹਾਂ ਨੇ ਮੈਨੂੰ ਸਿਰਫ਼ 1700 ਰੁਪਏ ਦੀ ਰਸੀਦ ਦੇਣ ਦੀ ਗੱਲ ਕਹੀ ਗਈ। ਪਰਵੇਸ਼ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਕੋਲ ਉਸ ਵੇਲੇ ਕੈਸ਼ ਨਾ ਹੋਣ ਕਰਕੇ ਉਨ੍ਹਾਂ ਨੇ ਫੀਸ ਅਗਲੇ ਦਿਨ ਦੇਣ ਦੀ ਗੱਲ ਕਹੀ ਅਤੇ ਬੱਚੀਆਂ ਨੂੰ ਵੀ ਅਗਲੇ ਦਿਨ ਸਕੂਲ ਲਿਆਉਣ ਲਈ ਕਿਹਾ।

ਪੀੜਤ ਨੇ ਦੱਸਿਆ ਕਿ ਅਗਲੇ ਦਿਨ ਜਦੋਂ ਉਹ ਦੋਵੇਂ ਬੱਚੀਆਂ ਨੂੰ ਲੈ ਕੇ ਸਪਰਿੰਗ ਫੀਲਡ ਸਕੂਲ ਪਹੁੰਚੇ, ਤਾਂ ਸਕੂਲ ’ਚ ਸਟਾਫ਼ ਨਹੀਂ ਸੀ। ਉਨ੍ਹਾਂ ਨੇ ਬੱਚੀਆਂ ਦੀ ਕਲਾਸ ਅਧਿਆਪਕਾਂ ਨੂੰ ਫੀਸ ਲੈਣ ਲਈ ਕਿਹਾ, ਜਿਸ ਨੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਸਕੂਲ ਪ੍ਰਬੰਧਕਾਂ ਨੇ ਫੀਸ ਦੀ ਰਸੀਦ ਕੱਟਣੀ ਹੈ, ਉਹ ਫਿਲਹਾਲ ਥੋੜੀ ਦੇਰ ਤੱਕ ਆਉਣਗੇ। ਪੀੜਤ ਨੇ ਕਿਹਾ ਕਿ ਉਹ ਉਸ ਦੀਆਂ ਬੱਚੀਆਂ ਨੂੰ ਕਲਾਸ ’ਚ ਬਿਠਾ ਲੈਣ। ਛੁੱਟੀ ਸਮੇਂ ਉਸ ਦੀ ਪਤਨੀ ਫੀਸ ਜਮ੍ਹਾ ਕਰਵਾ ਦੇਵੇਗੀ। 

ਪਰਵੇਸ਼ ਮੁਤਾਬਕ ਜਦੋਂ ਉਨ੍ਹਾਂ ਦੀਆਂ ਬੱਚੀਆਂ ਨੂੰ ਉਨ੍ਹਾਂ ਦੀ ਪਤਨੀ ਵਾਪਸ ਲੈਣ ਲਈ ਗਈ ਤਾਂ ਪਤਾ ਚੱਲਿਆ ਕਿ ਕੁਝ ਦੇਰ ਕਲਾਸ ਵਿੱਚ ਬਿਠਾਉਣ ਤੋਂ ਬਾਅਦ ਉਨ੍ਹਾਂ ਦੀਆਂ ਬੱਚਿਆਂ ਨੂੰ ਕਲਾਸ ਤੋਂ ਬਾਹਰ ਬਿਠਾ ਦਿੱਤਾ ਗਿਆ। ਉਨ੍ਹਾਂ ਨੂੰ ਮਾਤਾ-ਪਿਤਾ ਨੂੰ ਫੋਨ ਵੀ ਨਹੀਂ ਕਰਨ ਦਿੱਤਾ ਗਿਆ। ਪਤਨੀ ਨੇ ਜਦੋਂ ਬੱਚੀਆਂ ਨੂੰ ਕਲਾਸ ਤੋਂ ਬਾਹਰ ਬਿਠਾਉਣ ਦਾ ਸਕੂਲ ਪ੍ਰਬੰਧਨ ਕੋਲੋਂ ਕਾਰਨ ਪੁੱਛਿਆ ਤਾਂ ਉਹ ਉਸ ਨੂੰ ਗ਼ਲਤ ਤਰੀਕੇ ਨਾ ਬੋਲ੍ਹੇ ਅਤੇ ਕਿਹਾ ਕਿ ਤੁਸੀਂ ਫ਼ੀਸ ਨਹੀਂ ਦਿੱਤੀ। ਸ਼ੁੱਕਰ ਕਰੋ ਅਸੀਂ ਤੁਹਾਡੀਆਂ ਬੱਚੀਆਂ ਨੂੰ ਸਕੂਲ ਤੋਂ ਬਾਹਰ ਨਹੀਂ ਕੱਢ ਦਿੱਤਾ। ਉਨ੍ਹਾਂ ਨੇ ਸਵੇਰੇ ਹੋਈ ਸਾਰੀ ਗੱਲਬਾਤ ਸਕੂਲ ਪ੍ਰਿੰਸੀਪਲ ਨੂੰ ਦੱਸੀ ਕਿ ਉਨ੍ਹਾਂ ਦੀ ਅਧਿਆਪਕਾਂ ਨੇ ਫੀਸ ਲੈਣ ਤੋਂ ਮਨ੍ਹਾ ਕੀਤਾ ਸੀ। 

ਇਸ ਬਾਬਤ ਸਚਦੇਵਾ ਵੱਲੋਂ ਇੱਕ ਸ਼ਿਕਾਇਤ ਪੱਤਰ ਮੁੱਖ ਮੰਤਰੀ, ਇਕ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਅਤੇ ਇਕ ਸ਼ਿਕਾਇਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਦਿੱਤੀ ਗਈ। ਜਦੋਂ ਇਸ ਬਾਬਤ ਜ਼ਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਜੇਕਰ ਅਣਮਨੁੱਖੀ ਵਤੀਰਾ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਜਾਂ ਫੀਸ ਵਿੱਚ ਕੋਈ ਗੜਬੜ ਘੁਟਾਲਾ ਕੀਤਾ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਅਫ਼ਸਰ ਨੇ ਬੱਚਿਆਂ ਦੇ ਮਾਂ ਪਿਓ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ।


author

rajwinder kaur

Content Editor

Related News