ਘਰ ਨੂੰ ਜਾਂਦੇ ਰਸਤੇ ''ਤੇ ਪਈ ਮਿੱਟੀ ਨੂੰ ਰੋੜ੍ਹਨ ਤੇ ਗਾਲੀ-ਗਲੋਚ ਕਰਨ ਦੇ ਲਗਾਏ ਦੋਸ਼

07/18/2018 12:42:29 PM

ਭਿੱਖੀਵਿੰਡ, ਖਾਲੜਾ (ਭਾਟੀਆ, ਰਾਜੀਵ) : ਸਿੰਘਪੁਰਾ ਦੀ ਵਸਨੀਕ ਬਜ਼ੁਰਗ ਔਰਤ ਨੇ ਉਸਦੇ ਗੁਆਂਢੀ ਕਿਸਾਨਾਂ ਖਿਲਾਫ ਉਸਦੇ ਘਰ ਨੂੰ ਜਾਂਦੇ ਕੱਚੇ ਰਸਤੇ 'ਤੇ ਖਰੀਦ ਕੇ ਪਾਈ ਗਈ ਮਿੱਟੀ ਨੂੰ ਰੋੜ੍ਹਣ ਅਤੇ ਉਸ ਨਾਲ ਗਾਲੀ-ਗਲੋਚ ਕਰਨ ਸਬੰਧੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। 
ਬਜ਼ੁਰਗ ਸਵਰਨ ਕੌਰ ਔਰਤ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਖੇਤਾ 'ਚ ਘਰ ਬਣਾਇਆ ਹੈ, ਜਿਥੇ ਮੈਂ ਪਰਿਵਾਰ ਸਮੇਤ ਰਹਿੰਦੀ ਹਾਂ। ਮੇਰੇ ਘਰ ਨੂੰ ਇਕ ਕੱਚਾ ਰਸਤਾ ਜਾਂਦਾ ਹੈ, ਜਿਸ 'ਚ ਡੂੰਘੇ ਟੋਏ-ਟਿੱਬੇ ਹੋਣ ਕਰਕੇ ਉਸ ਨੇ 16 ਹਜ਼ਾਰ ਰੁਪਏ ਖਰਚ ਕਰਕੇ ਮਿੱਟੀ ਪੁਆਈ ਗਈ ਸੀ। ਕੁਝ ਲੋਕ ਉਸ ਨਾਲ ਪੁਰਾਣੀ ਰੰਜਿਸ਼ ਰੱਖਦੇ ਹਨ, ਜਿੰਨ੍ਹਾਂ ਖਿਲਾਫ ਮਾਮਲਾ ਵੀ ਦਰਜ ਹੈ ਤੇ ਅਦਾਲਤ 'ਚ ਕੇਸ ਵੀ ਚੱਲ ਰਹੇ ਹਨ। ਉਨ੍ਹਾਂ ਲੋਕਾਂ ਵਲੋਂ ਰੰਜਿਸ਼ ਤਹਿਤ ਬੀਤੇ ਦਿਨੀਂ ਪਾਣੀ ਵਾਲੀ ਪਾਈਪ ਲਗਾ ਕਿ ਮਿੱਟੀ ਨੂੰ ਰੋੜ੍ਹ ਦਿੱਤਾ ਗਿਆ ਹੈ। 
ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਜਿਸਦਾ ਪਤਾ ਚੱਲਣ 'ਤੇ ਉਨ੍ਹਾਂ ਵਲੋਂ ਮੈਨੂੰ ਗਾਲੀ ਗਲੋਚ ਅਤੇ ਧਮਕੀਆ ਦਿੱਤੀਆ ਗਈਆਂ ਹਨ, ਜਿਸ ਬਾਰੇ ਮੈਂ ਭਿੱਖੀਵਿੰਡ ਪੁਲਸ ਨੂੰ ਸੂਚਿਤ ਕਰ ਚੁੱਕੀ ਹਾਂ ਪਰ ਮੇਰੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਵੀ ਸੁਣਵਾਈ ਹੋਈ ਹੈ। ਉਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆ ਕਿਹਾ ਕਿ ਜੇਕਰ ਉਸਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਉਕਤ ਲੋਕ ਜ਼ਿੰਮੇਵਾਰ ਹੋਣਗੇ। 
ਇਸ ਸਬੰਧੀ ਜਦੋਂ ਦੂਜੀ ਧਿਰ ਦੇ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਔਰਤ ਵਲੋਂ ਲਗਾਏ ਗਏ ਦੋਸ਼ ਬੇ-ਬੁਨਿਆਦ ਹਨ ਕਿਉਂਕਿ ਰਸਤੇ 'ਤੇ ਪਈ ਮਿੱਟੀ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਉਕਤ ਔਰਤ ਉਨ੍ਹਾਂ ਵਿਰੁੱਧ ਪਹਿਲਾਂ ਵੀ ਕੇਸ ਦਰਜ ਕਰਵਾ ਚੁੱਕੀ ਹੈ ਜੋ ਅਦਾਲਤ 'ਚ ਚੱਲ ਰਹੇ ਹਨ। ਹੁਣ ਵੀ ਉਹ ਸਾਨੂੰ ਝੂਠੇ ਮਾਮਲੇ 'ਚ ਫਸਾਉਣ ਦਾ ਯਤਨ ਕਰ ਰਹੀ ਹੈ।


Related News