ਬਟਾਲਾ ’ਚ ਭਾਜਪਾ ਦੇ ਜਨਰਲ ਸਕੱਤਰ ਅਤੇ ਕੌਂਸਲਰ ਤੇ ਦਿਨ-ਦਿਹਾੜੇ ਜਾਨ ਲੇਵਾ ਹਮਲਾ, ਮਾਮਲਾ ਦਰਜ
Thursday, Nov 24, 2022 - 05:26 PM (IST)
ਬਟਾਲਾ (ਮਠਾਰੂ)- ਜ਼ਿਲ੍ਹਾ ਭਾਜਪਾ ਦੇ ਜਨਰਲ ਸੈਕਟਰੀ ਅਤੇ ਸੀਨੀਅਰ ਭਾਜਪਾ ਕੌਂਸਲਰ ਹਰਸਿਮਰਨ ਸਿੰਘ ਹੀਰਾ ਵਾਲੀਆ ਅਤੇ ਉਨ੍ਹਾਂ ਦੀ ਅਰਬਨ ਅਸਟੇਟ ਬਟਾਲਾ ਵਿਖੇ ਰਿਹਾਇਸ਼ ’ਤੇ ਅੱਜ ਸਵੇਰੇ 8 ਵਜੇ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵੱਲੋਂ ਜਾਨ ਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੀਨੀਅਰ ਕੌਂਸਲਰ ਅਤੇ ਜਰਨਲ ਸੈਕਟਰੀ ਹਰਸਿਮਰਨ ਸਿੰਘ ਹੀਰਾ ਵਾਲੀਆ ਅਤੇ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਲਾਲੀ ਵਾਲੀਆਂ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਦੀ ਕੋਠੀ ’ਚ ਕੁਝ ਬੰਦੇ ਦਾਖ਼ਲ ਹੋ ਗਏ । ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਕਤ ਹਮਲਾਵਰਾਂ ਦੇ ਵਿਚੋਂ ਇਕ ਵਿਅਕਤੀ ਨੇ ਕੌਂਸਲਰ ਹੀਰਾ ਵਾਲੀਆ ਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਹੈ ਜਦਕਿ ਤਿੰਨ ਹੋਰ ਹਮਲਾਵਰ ਪਿੱਛੇ ਖੜ੍ਹੇ ਸਨ।
ਇਸ ਦੌਰਾਨ ਆਪਣੀ ਅਤੇ ਆਪਣੇ ਭਰਾ ਲਾਲੀ ਵਾਲੀਆ ਦੀ ਜਾਨ ਬਚਾਉਣ ਲਈ ਆਪਣੀ ਸੁਰੱਖਿਆ ਕਰਦਿਆਂ ਹੀਰਾ ਵਾਲੀਆ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਜਦ ਹਵਾਈ ਫਾਇਰ ਕੀਤੇ ਤਾਂ ਪਿੱਛੇ ਖੜੇ ਤਿੰਨ ਹਮਲਾਵਰ ਮੌਕੇ ਤੋਂ ਦੌੜ ਗਏ। ਜਦ ਕਿ ਕੋਠੀ ਦੇ ਅੰਦਰ ਵੜੇ ਇਕ ਹਮਲਾਵਰ ਨੇ ਮੁੜ ਹੀਰਾ ਵਾਲੀਆ ’ਤੇ ਇੱਟਾਂ ਦੇ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ । ਇਸ ਦੌਰਾਨ ਕੌਸਲਰ ਹੀਰਾ ਵਾਲੀਆ ਨੇ ਦਲੇਰੀ ਦੇ ਨਾਲ ਪਿੱਛਾ ਕਰਕੇ ਉਸ ਨੂੰ ਹੰਸਲੀ ਨਾਲੇ ਦੇ ਕੰਢੇ ਤੋਂ ਕਾਬੂ ਕਰ ਲਿਆ। ਇਸ ਸਾਰੀ ਵਾਰਦਾਤ ਦੌਰਾਨ ਮੁਹੱਲੇ ਅਤੇ ਕਲੋਨੀ ਦੇ ਲੋਕ ਵੀ ਮੌਕੇ ਤੇ ਇਕੱਠੇ ਹੋ ਗਏ । ਜਦ ਕਿ ਫੜੇ ਗਏ ਹਮਲਾਵਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਟੀਮ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਨੂੰਗੋ ਰੰਗੇ ਹੱਥੀਂ ਕਾਬੂ
ਕੌਂਸਲਰ ਹੀਰਾ ਵਾਲੀਆ ਨੇ ਦੱਸਿਆ ਕਿ ਫੜਿਆ ਗਿਆ ਹਮਲਾਵਰ ਪੁਲਸ ਅਤੇ ਲੋਕਾਂ ਦੇ ਸਾਹਮਣੇ ਮੈਨੂੰ ਧਮਕੀਆਂ ਦੇ ਰਿਹਾ ਸੀ ਕਿ ਤੈਨੂੰ ਛੱਡਣਾ ਨਹੀਂ ਮਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਹੈ। ਜਦ ਕਿ ਗੈਂਗਸਟਵਾਦ ਅਤੇ ਕਿਰਾਏ ਦੇ ਸ਼ੂਟਰ ਅਤੇ ਹਮਲਾਵਰ ਪੈਸੇ ਲੈ ਕੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਨੇਤਾ ਨਰੇਸ਼ ਮਹਾਜਨ, ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਰਾਕੇਸ਼ ਭਾਟੀਆ, ਪੰਜਾਬ ਭਾਜਪਾ ਦੇ ਮੈਂਬਰ ਭੂਸ਼ਣ ਬਜਾਜ, ਪ੍ਰਧਾਨ ਪੰਕਜ ਸ਼ਰਮਾ, ਸ਼ਕਤੀ ਸ਼ਰਮਾ, ਅਮਨ ਖੀਵਾ, ਅਨੀਲ ਡੋਲੀ , ਲਾਲੀ ਵਾਲੀਆਂ ਸਮੇਤ ਹੋਰ ਆਗੂਆਂ ਨੇ ਪੁਲਸ ਪ੍ਰਸ਼ਾਸ਼ਨ ਦੇ ਕੋਲੋਂ ਮੰਗ ਕੀਤੀ ਹੈ ਕਿ ਇਸ ਹਮਲੇ ਦੀ ਸਾਜਿਸ਼ ਨੂੰ ਬਰੀਕੀ ਦੇ ਨਾਲ ਛਾਣ-ਬੀਣ ਕਰਕੇ ਬੇਨਕਾਬ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹਮਲਾਵਰਾਂ ਦੇ ਕੋਲੋਂ ਸਖ਼ਤੀ ਦੇ ਨਾਲ ਪੁੱਛ-ਗਿੱਛ ਕਰਦਿਆਂ ਪਤਾ ਲਗਾਇਆ ਜਾਵੇ ਕਿ ਇਸ ਜਾਨਲੇਵਾ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ। ਮੌਕੇ ਵਾਰਦਾਤ ’ਤੇ ਪਹੁੰਚੇ ਡੀ.ਐੱਸ.ਪੀ ਸਿਟੀ ਲਲਿਤ ਕੁਮਾਰ ਅਤੇ ਐੱਸ.ਐੱਚ.ਓ ਸਿਵਲ ਲਾਈਨ ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਨੇ ਜਿੱਥੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉੱਥੇ ਨਾਲ ਹੀ ਫੜੇ ਗਏ ਇਕ ਹਮਲਾਵਰ ਦੀ ਨਿਸ਼ਾਨਦੇਹੀ ’ਤੇ ਤਿੰਨ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਡੀ.ਐੱਸ.ਪੀ ਲਲਿਤ ਕੁਮਾਰ ਅਤੇ ਐੱਸ.ਐੱਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਭਾਜਪਾ ਨੇਤਾ ਹਰਸਿਮਰਨ ਸਿੰਘ ਹੀਰਾ ਵਾਲੀਆ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉੱਥੇ ਨਾਲ ਹੀ ਇਸ ਹਮਲੇ ਦੀ ਜਾਂਚ ਪੜਤਾਲ ਵੀ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸੌ ਫੁੱਟੀ ਰੋਡ ’ਤੇ ਵਾਰਦਾਤ, ਹਥਿਆਰਾਂ ਦੀ ਨੋਕ ’ਤੇ ਰਾਹਗੀਰ ਤੋਂ ਖੋਹੀ ਐਕਟਿਵਾ
ਭਾਜਪਾ ਨੇਤਾ ਨਰੇਸ਼ ਮਹਾਜਨ ਨੇ ਕਿਹਾ ਕਿ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਕਿਰਾਏ ਤੇ ਲਿਆ ਕੇ ਪ੍ਰਵਾਸੀ ਨੌਜਵਾਨਾਂ ਦੇ ਕੋਲੋਂ ਪੰਜਾਬ ਦੇ ਅੰਦਰ ਸੁਪਾਰੀ ਦੇ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਿਉਂਕਿ ਪਿਛਲੇ ਸਮੇਂ ਦੌਰਾਨ ਸੂਬੇ ’ਚ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਹਨ, ਉਹਨਾਂ ਦੇ ਪਿੱਛੇ ਪੰਜਾਬ ਤੋਂ ਬਾਹਰ ਤੋਂ ਲਿਆਂਦੇ ਸੂਟਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇ ਸੀਨੀਅਰ ਨੇਤਾ ਹੀਰਾ ਵਾਲੀਆ ਦੇ ਉੱਪਰ ਵੀ ਹਮਲਾ ਕਰਨ ਵਾਲੇ ਸੂਬੇ ਦੇ ਪ੍ਰਵਾਸੀ ਦੱਸੇ ਜਾ ਰਹੇ ਹਨ ਜੋ ਕਿ ਹਿੰਦੀ ਵਿਚ ਗੱਲ ਕਰਦੇ ਹਨ। ਭਾਜਪਾ ਨੇਤਾ ਹੀਰਾ ਵਾਲੀਆ ਅਤੇ ਉਨ੍ਹਾਂ ਦੇ ਭਰਾ ਲਾਲੀ ਵਾਲੀਆਂ ਨੇ ਆਪਣੀ ਸੁਰੱਖਿਆ ਦੀ ਮੰਗ ਕਰਦਿਆਂ ਇਸ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ , ਪੰਜਾਬ ਪੁਲਸ ਮੁਖੀ, ਆਈ.ਜੀ ਬਾਰਡਰ ਰੇਂਜ ਅਤੇ ਐੱਸ.ਐੱਸ.ਪੀ ਬਟਾਲਾ ਤੋਂ ਇਲਾਵਾ ਹੋਰ ਵੀ ਸੀਨੀਅਰ ਅਧਿਕਾਰੀਆਂ ਨੂੰ ਦਰਖ਼ਾਸਤਾਂ ਭੇਜਕੇ ਇਨਸਾਫ਼ ਅਤੇ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ ।