ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਦੀਆਂ ਨਾਮੀ ਡੇਅਰੀਆਂ ਦੀ ਕੀਤੀ ਅਚਨਚੇਤ ਚੈਕਿੰਗ, 15 ਸੈਂਪਲ ਭਰੇ

Saturday, Sep 07, 2024 - 04:24 PM (IST)

ਅੰਮ੍ਰਿਤਸਰ (ਦਲਜੀਤ)-ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਨੂੰ ਨੱਥ ਪਾਉਣ ਲਈ ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਦੀਆਂ ਨਾਮੀ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਟੀਮ ਸਮੇਤ ਰਾਮ ਤੀਰਥ ਰੋਡ ਅਤੇ ਛੇਹਰਟਾ ਰੋਡ ਆਦਿ ਵਿਖੇ ਨਾਮੀ ਡੇਅਰੀਆਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਨੂ ਡੇਅਰੀ, ਵਿਨੋਦ ਡੇਅਰੀ, ਆਜ਼ਾਦ ਡੇਅਰੀ, ਗਿੱਲ ਡੇਅਰੀ, ਗੁਰੂ ਅਮਰਦਾਸ ਡੇਅਰੀ ਅਤੇ ਸਵੀਟ ਸ਼ਾਪ ’ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ ’ਤੇ ਕੁਲ 15 ਸੈਂਪਲ ਭਰੇ ਗਏ ਹਨ, ਜਿਨ੍ਹਾਂ ਵਿਚੋਂ 4 ਸੈਂਪਲ ਦੁੱਧ ਅਤੇ 11 ਸੈਂਪਲ ਦੁੱਧ ਤੋਂ ਬਣੇ ਪਦਾਰਥਾਂ ਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਸੈਂਪਲ ਸਟੇਟ ਫੂਡ ਲੈਬ ਖਰੜ ਵਿਖੇ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਡੇਅਰੀ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਮਿਲਾਵਟਖੋਰੀ ਨਾ ਕੀਤੀ ਜਾਵੇ ਅਤੇ ਲੋਕਾਂ ਨੂੰ ਮਿਆਰੀ ਦੁੱਧ ਅਤੇ ਦੁੱਧ ਦੇ ਪਦਾਰਥ ਮੁਹੱਈਆ ਕੀਤੇ ਜਾਣ।

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਸਹਾਇਕ ਕਮਿਸ਼ਨਰ ਨੇ ਕਿਹਾ ਕਿ ਮਿਲਾਵਟਖੋਰੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਭਾਗ ਦੀਆਂ ਟੀਮਾਂ ਪੂਰੀ ਮੁਸਤੈਦੀ ਨਾਲ ਜ਼ਿਲ੍ਹੇ ਵਿਚ ਚੈਕਿੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਆਲੇ-ਦੁਆਲੇ ਕੋਈ ਮਿਲਾਵਟੀ ਸਾਮਾਨ ਬਣਾਉਂਦਾ ਜਾਂ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇ। ਵਿਭਾਗ ਵੱਲੋਂ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਛੋਟੇ ਵਪਾਰੀਆਂ ਨੂੰ ਰਜਿਸਟ੍ਰੇਸ਼ਨ ਅਤੇ ਵੱਡੇ ਵਪਾਰੀਆਂ ਨੂੰ ਲਾਇਸੈਂਸ ਲੈਣਾ ਲਾਜ਼ਮੀ ਹੈ। ਵਿਭਾਗ ਵੱਲੋਂ ਨਿਯਮਾਂ ਤੋਂ ਉਲਟ ਚੱਲਣ ਵਾਲੀਆਂ ਦੁਕਾਨਾਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News