ਡੇਢ ਲੱਖ ਰੁਪਏ ਦੀ ਲੁੱਟ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਵਾਲੇ ਖ਼ਿਲਾਫ਼ ਕੇਸ ਦਰਜ

Friday, Jul 01, 2022 - 11:21 PM (IST)

ਡੇਢ ਲੱਖ ਰੁਪਏ ਦੀ ਲੁੱਟ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਵਾਲੇ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ (ਵਿਨੋਦ)-ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਕਰਮਚਾਰੀ ਵੱਲੋਂ ਆਪਣੇ ਨਾਲ 1 ਲੱਖ 51 ਹਜ਼ਾਰ ਰੁਪਏ ਦੀ ਲੁੱਟ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਾਂਚ-ਪੜਤਾਲ ਵਿਚ ਲੁੱਟ ਦੀ ਵਾਰਦਾਤ ਝੂਠੀ ਪਾਏ ਜਾਣ ’ਤੇ ਸ਼ਿਕਾਇਤਕਰਤਾ ਦੇ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕੀਤਾ ਹੈ। ਕਲਾਨੌਰ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ 15-6-22 ਨੂੰ ਗੋਲਡਨ ਫਾਈਨਾਂਸ ਇਨਕਲਿਊਜ਼ਨ ਲਿਮ. (ਇੰਡੋਸੈਂਡ ਬੈਂਕ) ਦੀ ਗੁਰਦਾਸਪੁਰ ਸ਼ਾਖ਼ਾ ਦੇ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਕੰਪਨੀ ਪਿੰਡਾਂ ’ਚ ਔਰਤਾਂ ਨੂੰ ਸਵੈ-ਰੁਜ਼ਗਾਰ ਲਈ ਕਰਜ਼ਾ ਦੇਣ ਦਾ ਕੰਮ ਕਰਦੀ ਹੈ।

ਉਨ੍ਹਾਂ ਦਾ ਕਰਮਚਾਰੀ ਬਲਜੀਤ ਸਿੰਘ ਪੁੱਤਰ ਬਿੱਟੂ ਵਾਸੀ ਸਭਰਾ ਜ਼ਿਲ੍ਹਾ ਤਰਨਤਾਰਨ ਜਦੋਂ 15 ਜੂਨ ਨੂੰ ਸਵੇਰੇ ਲੱਗਭਗ 7.30 ਵਜੇ ਕਿਸ਼ਤਾਂ ਦੀ ਰਾਸ਼ੀ ਲੱਗਭਗ 1 ਲੱਖ 51 ਹਜ਼ਾਰ ਰੁਪਏ ਇਕੱਠੀ ਕਰਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਅਣਪਛਾਤੇ ਦੋ ਦੋਸ਼ੀਆਂ ਨੇ ਉਸ ਤੋਂ ਇਹ ਰਾਸ਼ੀ ਸਮੇਤ ਉਸ ਦਾ ਮੋਬਾਇਲ ਅਤੇ ਜੇਬ ’ਚ ਪਏ 2600 ਰੁਪਏ ਖੋਹ ਲਏ। ਇਸ ਸਬੰਧੀ 100 ਨੰਬਰ ’ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਜਾਂਚ-ਪੜਤਾਲ ਵਿਚ ਬਲਜੀਤ ਸਿੰਘ ਵੱਲੋਂ ਲੁੱਟ ਦੀ ਘਟਨਾ ਝੂਠੀ ਸਾਬਤ ਹੋਈ ਅਤੇ ਦੋਸ਼ੀ ਨੇ ਆਪਣਾ ਜੁਰਮ ਵੀ ਸਵੀਕਾਰ ਕਰ ਲਿਆ, ਜਿਸ ਕਾਰਨ ਬਲਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।


author

Manoj

Content Editor

Related News