ਕਿਸਾਨ ਆਗੂ ਦੇ ਭਰਾ ਨੂੰ 3 ਅਣਪਛਾਤਿਆਂ ਨੇ ਘਰ ਆ ਕੇ ਮਾਰੀ ਗੋਲ਼ੀ, ਪੱਟ ਨੂੰ ਚੀਰਦੀ ਆਰ-ਪਾਰ ਹੋਈ
09/19/2023 2:00:13 AM

ਗੁਰਦਾਸਪੁਰ (ਵਿਨੋਦ) : ਕਸਬਾ ਕਲਾਨੌਰ ਵਿਖੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਕਾਹਲੋਂ ਨੂੰ ਉਸ ਦੇ ਘਰ 'ਚ ਦਾਖ਼ਲ ਹੋ ਕੇ 3 ਅਣਪਛਾਤੇ ਨੌਜਵਾਨਾਂ ਨੇ ਗੋਲ਼ੀ ਮਾਰ ਦਿੱਤੀ, ਜੋ ਉਸ ਦੇ ਪੱਟ ਨੂੰ ਚੀਰਦੀ ਹੋਈ ਆਰ-ਪਾਰ ਹੋ ਗਈ। ਜ਼ਖ਼ਮੀ ਨੂੰ ਪਹਿਲਾਂ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਅਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਹੁਣ ਵਿਸ਼ਵ ਵਿਰਾਸਤ ਬਣੇ ਹੋਯਸਾਲਾ ਦੇ ਪਵਿੱਤਰ ਮੰਦਰ, UNESCO ਨੇ ਲਿਸਟ 'ਚ ਕੀਤਾ ਸ਼ਾਮਲ, ਜਾਣੋ ਕੀ ਹੈ ਇਤਿਹਾਸ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕਲਾਨੌਰ ਤੋਂ ਬਾਹਰ ਪੈਂਦੇ ਆਪਣੇ ਘਰ 'ਚ ਬੈਠਾ ਮੋਬਾਇਲ ਦੇਖ ਰਿਹਾ ਸੀ। ਇਸ ਦੌਰਾਨ 3 ਮੋਟਰਸਾਈਕਲ ਸਵਾਰ ਨੌਜਵਾਨ ਆਏ, ਜਿਨ੍ਹਾਂ 'ਚੋਂ ਪਹਿਲਾਂ ਇਕ ਨੌਜਵਾਨ ਨੇ ਅੰਦਰ ਦਾਖ਼ਲ ਹੋ ਕੇ ਹਰਪ੍ਰੀਤ ਨੂੰ ਕਿਹਾ ਕਿ ਗਿਆਨ ਸਾਗਰ ਕਾਲਜ ਤੁਹਾਡਾ ਹੈ ਅਤੇ ਉਥੇ ਅਹਾਤਾ ਖੋਲ੍ਹਣਾ ਹੈ। ਇੰਨੀ ਗੱਲ ਕਰ ਰਿਹਾ ਸੀ ਕਿ ਦੂਸਰੇ ਮੋਟਰਸਾਈਕਲ ਸਵਾਰ ਨੇ ਅੰਦਰ ਆ ਕੇ ਉਸ ਦੇ ਗੋਲ਼ੀ ਮਾਰ ਦਿੱਤੀ, ਜੋ ਹਰਪ੍ਰੀਤ ਦੇ ਪੱਟ 'ਚ ਵੱਜੀ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦੀ ਗਿੱਦੜਭਬਕੀ, ਭਾਰਤੀ ਹਿੰਦੂਆਂ ਨੂੰ ਕੈਨੇਡਾ ਛੱਡਣ ਦੀ ਦਿੱਤੀ ਧਮਕੀ
ਇਸ ਮੌਕੇ ਜ਼ਖ਼ਮੀ ਹੋਏ ਹਰਪ੍ਰੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਕਮਰੇ ਵਿੱਚ ਸੀ ਅਤੇ ਉਸ ਨੇ ਗੋਲ਼ੀ ਚੱਲਣ ਦੀ ਆਵਾਜ਼ ਸੁਣੀ। ਜਦੋਂ ਉਹ ਬਾਹਰ ਆਈ ਤਾਂ ਵੇਖਿਆ ਕਿ ਉਸ ਦਾ ਪਤੀ ਖੂਨ ਨਾਲ ਲੱਥਪਥ ਸੀ, ਜਿਨ੍ਹਾਂ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦਾਖ਼ਲ ਕਰਵਾਇਆ ਤੇ ਬਾਅਦ ਵਿੱਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਸ ਸਬੰਧੀ ਜਦੋਂ ਕਲਾਨੌਰ ਪੁਲਸ ਨਾਲ ਗੱਲ ਕੀਤੀ ਤਾਂ ਐੱਸਐੱਚਓ ਮੇਜਰ ਸਿੰਘ ਨੇ ਵਾਰਦਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੌਕੇ ਤੋਂ ਪਿਸਟਲ ਦੀ ਗੋਲ਼ੀ ਦਾ ਇਕ ਖੋਲ ਬਰਾਮਦ ਹੋਇਆ ਹੈ। ਜ਼ਖ਼ਮੀ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜਲਦ ਹੀ ਵਾਰਦਾਤ ਨੂੰ ਅੰਜਾਮ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8