ਨਕਲੀ ਰਿਸ਼ਤੇਦਾਰ ਬਣ ਵਿਅਕਤੀਆਂ ਨੇ ਮਾਰੀ 3 ਲੱਖ 80 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ, 4 ਨਾਮਜ਼ਦ

05/24/2022 5:38:40 PM

ਗੁਰਦਾਸਪੁਰ (ਜੀਤ ਮਠਾਰੂ) - ਥਾਣਾ ਕਾਹਨੂੰਵਾਨ ਦੀ ਪੁਲਸ ਨੇ ਨਕਲੀ ਰਿਸ਼ਤੇਦਾਰ ਬਣ ਕੇ 3 ਲੱਖ 80 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਦੋਸ਼ਾਂ ਹੇਠ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਤਰਸੇਮ ਸਿੰਘ ਪੁੱਤਰ ਪੁੰਨਾ ਰਾਮ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ 16 ਅਪ੍ਰੈਲ ਨੂੰ ਉਸਦੀ ਪਤਨੀ ਆਸ਼ਾ ਰਾਣੀ ਨੂੰ ਸਵੇਰੇ 11 ਵਜੇ ਦੇ ਕਰੀਬ ਇੱਕ ਫੋਨ ਆਇਆ। ਫੋਨ ਕਰ ਰਹੇ ਵਿਅਕਤੀ ਨੇ ਕਿਹਾ ਕਿ ਮੈਂ ਕੈਨੇਡਾ ਤੋਂ ਨਿੱਕਾ ਬੋਲ ਰਿਹਾ ਹਾਂ ਤਾਂ ਉਸਦੀ ਪਤਨੀ ਨੇ ਕਿਹਾ ਕਿ ਤੂੰ ਤਾਂ ਅਮਰੀਕਾ ਗਿਆ ਹੋਇਆ ਸੀ ਤਾਂ ਉਸਨੇ ਕਿਹਾ ਕਿ ਹੁਣ ਮੈਂ ਪੱਕਾ ਹੋ ਗਿਆ ਹਾਂ ਅਤੇ ਕਿਸੇ ਵੀ ਦੇਸ਼ ਜਾ ਸਕਦਾ ਹਾਂ।

ਉਸ ਨੇ ਦੱਸਿਆ ਕਿ ਕੈਨੇਡਾ ਦੀ ਪੁਲਸ ਨੇ ਮੈਨੂੰ ਫੜ ਲਿਆ ਹੈ ਅਤੇ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ। ਠੱਗ ਦੇ ਝਾਂਸੇ ਵਿਚ ਆ ਕੇ ਉਨ੍ਹਾਂ ਨੇ ਉਕਤ ਠੱਗਾਂ ਵੱਲੋਂ ਦੱਸੇ ਬੈਂਕ ਖਾਤੇ ਵਿਚ 3 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਟਰਾਂਸਫਰ ਕਰ ਦਿੱਤੀ। ਇਸ ਦੇ ਬਾਅਦ ਜਦੋਂ ਉਨਾਂ ਨੂੰ ਇਸ ਠੱਗੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਦੇ ਅਧਾਰ ਪੁਲਸ ਨੇ ਯੋਗੇਸ਼ ਬਾਲੂ ਪੁੱਤਰ ਬਾਲੂ ਕੋਯਾਲੀ ਵਾਸੀ ਪੂਨੇ ਮਹਾਰਾਸ਼ਟਰ, ਰਾਜੂ ਕੁਮਾਰ ਯਾਦਵ ਪੁੱਤਰ ਜਗਨਨਾਥ ਰਾਏ ਵਾਸੀ ਮਾਨਕਰੇਵਾ ਜ਼ਿਲ੍ਹਾ ਪੂਰਬੀ ਚੰਪਰਾਨ ਜ਼ਿਲ੍ਹਾ ਪੂਰਨੀਆਂ ਬਿਹਾਰ, ਨਿਰਬੋਲ ਨਰਾਇਣ ਵਾਸੀ 66 ਪਿੰਡ ਫਿਗਲਾਸ ਆਚਲ ਰਾਗੋਪੁਰ ਸਪੌਲ ਬਿਹਾਰ ਅਤੇ ਰਾਜੇਸ਼ ਸਿੰਘ ਵਾਸੀ ਨਹਿਰੂ ਨਗਰ ਵੀ.ਐੱਸ ਰੋਡ ਮੀਠੀਬਾਣੀ ਰੇਲਵੇ ਮੁੰਬਈ ਮਹਾਰਾਸਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


rajwinder kaur

Content Editor

Related News