ਜ਼ਿਲੇ ਭਰ ’ਚ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ
Thursday, Oct 02, 2025 - 08:48 PM (IST)

ਤਰਨਤਾਰਨ, (ਰਮਨ ਚਾਵਲਾ,ਰਾਜੂ, ਵਾਲੀਆ)- ਜ਼ਿਲੇ ਭਰ ’ਚ ਬੁਰਾਈ ਉਪਰ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਅਗਨੀ ਭੇਟ ਕਰਦੇ ਹੋਏ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦੇ ਹੋਏ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਤਿਉਹਾਰ ਦੀ ਜਿੱਥੇ ਵਧਾਈ ਦਿੱਤੀ ਗਈ, ਉਥੇ ਹੀ ਸ਼ਹਿਰ ਦੇ ਵਿਕਾਸ ਲਈ 35 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਤੋਹਫਾ ਦਿੱਤਾ ਗਿਆ।
ਬੀਤੇ ਲੰਮੇਂ ਸਮੇਂ ਤੋਂ ਸ਼੍ਰੀ ਸਨਾਤਨ ਧਰਮ ਸਭਾ ਦੇ ਚੱਲ ਰਹੇ ਵਿਵਾਦ ਦੇ ਚੱਲਦਿਆਂ ਦੁਸਹਿਰੇ ਦੇ ਤਿਉਹਾਰ ਨੂੰ ਪ੍ਰਸ਼ਾਸਨ ਵੱਲੋਂ ਆਪਣੀ ਨਿਗਰਾਨੀ ਹੇਠ ਕੀਤੇ ਗਏ ਇੰਤਜ਼ਾਮਾਂ ਤਹਿਤ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਤਰਨਤਾਰਨ ਦੇ ਇੰਚਾਰਜ ਹਰਮੀਤ ਸਿੰਘ ਸੰਧੂ ਨੇ ਆਪਣੀ ਹਾਜ਼ਰੀ ਭਰੀ।
ਸਥਾਨਕ ਗਾਂਧੀ ਗਰਾਊਂਡ ਵਿਖੇ ਦੁਸ਼ਹਿਰੇ ਦੇ ਤਿਉਹਾਰ ਮੌਕੇ ਜ਼ਿਲੇ ਦੇ ਐੱਸ.ਐੱਸ.ਪੀ ਰਵਜੋਤ ਗਰੇਵਾਲ ਵੱਲੋਂ ਜਾਰੀ ਕੀਤੇ ਗਏ ਸਖਤ ਹੁਕਮਾਂ ਤਹਿਤ ਪੁਲਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ। ਗਾਂਧੀ ਗਰਾਊਂਡ ਵਿਖੇ ਐੱਸ.ਡੀ.ਐੱਮ. ਤਰਨਤਾਰਨ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਵਧੀਆ ਇੰਤਜ਼ਾਮ ਕੀਤੇ ਗਏ ਸਨ। ਇਸ ਮੌਕੇ ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ ਵੱਲੋਂ ਮੰਚ ਤੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਸਾਨੂੰ ਸ਼੍ਰੀ ਰਾਮ ਚੰਦਰ ਜੀ ਦੇ ਦਰਸਾਏ ਹੋਏ ਰਸਤੇ ਉਪਰ ਚੱਲਣਾ ਚਾਹੀਦਾ ਹੈ।
ਇਸ ਮੌਕੇ ਰਾਵਨ, ਕੁੰਭਕਰਨ ਦੇ ਪੁਤਲਿਆਂ ਨੂੰ ਸੂਰਜ ਛਿਪਣ ਦੌਰਾਨ ਹਰਮੀਤ ਸਿੰਘ ਸੰਧੂ ਅਤੇ ਹਿੰਦੂ ਸਮਾਜ ਦੇ ਲੋਕਾਂ ਵੱਲੋਂ ਅਗਨੀ ਭੇਟ ਕੀਤੀ ਗਈ। ਇਸ ਮੌਕੇ ਸਟੇਜ਼ ਸੈਕਟਰੀ ਦੀ ਸੇਵਾ ਸੁਰਜੀਤ ਕੁਮਾਰ ਅਹੂਜਾ ਜ਼ਿਲਾ ਸਤਿਸੰਗ ਪ੍ਰਮੁੱਖ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਜਨਰਲ ਸਕੱਤਰ ਅਤੇ ਹਲਕਾ ਸੰਗਠਨ ਇੰਚਾਰਜ ਰੁਪਿੰਦਰ ਕੌਰ ਸੰਧੂ, ਭੁਪਿੰਦਰ ਸਿੰਘ ਖੇੜਾ ਸਾਬਕਾ ਨਗਰ ਕੌਂਸਲ ਪ੍ਰਧਾਨ, ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ, ਕੌਂਸਲਰ ਸਰਬਿੰਦਰ ਸਿੰਘ ਭਰੋਵਾਲ, ਕੌਂਸਲਰ ਸੂਰਜ ਕੁਮਾਰ ਸ਼ਰਮਾ, ਦਿਲਬਾਗ ਸਿੰਘ ਬਾਠ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਤਰਨਤਾਰਨ, ਪ੍ਰਮੋਦ ਕੁਮਾਰ ਚੱਡਾ, ਰਜੇਸ਼ ਵਾਲੀਆ, ਪੁਨੀਤ ਚੱਡਾ, ਹਰਿੰਦਰ ਕੁਮਾਰ ਅਗਰਵਾਲ, ਡੀ.ਐੱਸ.ਪੀ ਸਿਟੀ ਜਗਜੀਤ ਸਿੰਘ, ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਚਰਨ ਸਿੰਘ, ਸਬ ਇੰਸਪੈਕਟਰ ਰਾਣੀ ਕੌਰ, ਪੰਡਤ ਮਹਾਵੀਰ, ਸੰਜੀਵ ਕੁਮਾਰ ਡਿੰਪੀ ਮਹੰਤ, ਟ੍ਰੈਫਿਕ ਇੰਚਾਰਜ ਦਿਲਬਾਗ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।
ਦੁਸਹਿਰੇ ਦੇ ਤਿਉਹਾਰ ਮੌਕੇ ਸਥਾਨਕ ਸ਼ਹਿਰ ਦੀ ਮਸ਼ਹੂਰ ਦੁਕਾਨ ਗਗਨ ਸਵੀਟਸ ਅਤੇ ਰਸੋਈ ਵਿਖੇ ਆਪਣੇ ਗ੍ਰਾਹਕਾਂ ਲਈ ਵਿਸ਼ੇਸ਼ ਕਿਸਮ ਦੀਆਂ ਅਮਰਤੀਆਂ ਅਤੇ ਜਲੇਬੀਆਂ ਕੱਢੀਆਂ ਗਈਆਂ। ਇਸ ਦੌਰਾਨ ਦੁਕਾਨ ਉਪਰ ਦੇਸੀ ਘਿਓ ਦੀਆਂ ਜਲੇਬੀਆਂ ਅਤੇ ਅਮਰਤੀਆਂ ਖਰੀਦਣ ਲਈ ਗਾਹਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਤੋਂ ਇਲਾਵਾ ਸਥਾਨਕ ਸ਼ਹਿਰ ਦੇ ਵੱਖ-ਵੱਖ ਹਲਵਾਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਉਪਰ ਰੌਣਕਾਂ ਵੇਖਣ ਨੂੰ ਮਿਲੀਆਂ।