ਦਾਣਾ ਮੰਡੀ ਦੇ ਘਟੀਆ ਪ੍ਰਬੰਧਾਂ ਕਰਕੇ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ, ਨਾ ਪੀਣ ਵਾਲਾ ਪਾਣੀ ਤੇ ਨਾ ਹੀ ਹਨ ਬਾਥਰੂਮ ਮੌਜੂਦ

Thursday, Nov 09, 2023 - 04:16 PM (IST)

ਦਾਣਾ ਮੰਡੀ ਦੇ ਘਟੀਆ ਪ੍ਰਬੰਧਾਂ ਕਰਕੇ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ, ਨਾ ਪੀਣ ਵਾਲਾ ਪਾਣੀ ਤੇ ਨਾ ਹੀ ਹਨ ਬਾਥਰੂਮ ਮੌਜੂਦ

ਤਰਨਤਾਰਨ (ਰਮਨ)- ਸਥਾਨਕ ਦਾਣਾ ਮੰਡੀ ਪ੍ਰਬੰਧਕਾਂ ਵਲੋਂ ਕੀਤੇ ਘਟੀਆ ਪ੍ਰਬੰਧਾਂ ਕਰਕੇ ਜਿੱਥੇ ਆਪਣੀ ਫ਼ਸਲ ਲੈ ਕੇ ਮੰਡੀ ਪੁੱਜਣ ਵਾਲੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਆੜ੍ਹਤੀਆਂ ਅਤੇ ਹੋਰ ਲੋਕਾਂ ਨੂੰ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਨੂੰ ਮਜ਼ਬੂਰਨ ਝੱਲਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਥਾਨਕ ਮੰਡੀ ਵਿਚ ਜਿੱਥੇ ਕਿਸਾਨਾਂ ਲਈ ਸਾਫ਼-ਪੀਣ ਵਾਲੇ ਪਾਣੀ ਅਤੇ ਟਾਇਲਟ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਉੱਥੇ ਹੀ ਝੋਨੇ ਦੀ ਫ਼ਸਲ ਵਿਚੋਂ ਨਿਕਲਣ ਵਾਲੇ ਛਾਣ ਨੂੰ ਨਾ ਚੁੱਕਣ ਕਰਕੇ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ।

ਇਹ ਵੀ ਪੜ੍ਹੋ-  ਅੱਧੀ ਰਾਤ ਨੂੰ ਬਿਆਸ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਤੋਂ ਬਾਅਦ ਇਕ ਕਈ ਗੱਡੀਆਂ ਦੀ ਹੋਈ ਟੱਕਰ

ਜਾਣਕਾਰੀ ਦਿੰਦੇ ਹੋਏ ਕਿਸਾਨ ਬਲਕਾਰ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ, ਹਰਜੀਤ ਸਿੰਘ ਰਵੀ, ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਇਕ ਪਾਸੇ ਸਰਕਾਰ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਸਬੰਧੀ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਹਨ ਅਤੇ ਮੰਡੀਆਂ ਵਿਚ ਕਿਸਾਨਾਂ ਲਈ ਸਾਫ਼ ਪੀਣ ਵਾਲੇ ਪਾਣੀ ਤੋਂ ਇਲਾਵਾ ਹੋਰ ਜ਼ਰੂਰੀ ਸਹੂਲਤਾਂ ਪ੍ਰਧਾਨ ਕਰਨ ਦੇ ਐਲਾਨ ਕੀਤੇ ਗਏ ਸਨ ਪਰ ਅਸਲੀਅਤ ਵਿਚ ਸਥਾਨਕ ਦਾਣਾ ਮੰਡੀ ਅੰਦਰ ਮਾਰਕੀਟ ਕਮੇਟੀ ਵਲੋਂ ਕੀਤੇ ਘਟੀਆ ਪ੍ਰਬੰਧਾਂ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵਲੋਂ ਕਿਸਾਨਾਂ ਲਈ ਜਿੱਥੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਕੀਤਾ ਗਿਆ ਉੱਥੇ ਹੀ ਪੀਣ ਵਾਲੇ ਸਾਫ਼ ਪਾਣੀ ਤੋਂ ਇਲਾਵਾ ਬਾਥਰੂਮ ਤੱਕ ਦੀ ਸੁਵਿਧਾ ਮੁਹੱਈਆ ਨਹੀਂ ਕਰਵਾਈ ਗਈ ਹੈ। ਉਨ੍ਹਾਂ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਸਰਕਾਰਾਂ ਖੁੱਲ੍ਹੇ ਵਿਚ ਸ਼ੌਚ ਕਰਨ ਤੋਂ ਰੋਕਣ ਲਈ ਕਰੋੜਾਂ ਰੁਪਏ ਖ਼ਰਚ ਕਰਦੇ ਹੋਏ ਮੁਫ਼ਤ ਟਾਇਲਟ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਅਤੇ ਦੂਜੇ ਪਾਸੇ ਮਾਰਕੀਟ ਕਮੇਟੀ ਵਲੋਂ ਬਾਥਰੂਮ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਨੂੰ ਮਜ਼ਬੂਰਨ ਖੁੱਲ੍ਹੇ ਵਿਚ ਸ਼ੌਚ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਰਾਤ ਸਮੇਂ ਹਨੇਰਾ ਹੋਣ ਕਰਕੇ ਜਿੱਥੇ ਉਨ੍ਹਾਂ ਦੀਆਂ ਫ਼ਸਲਾਂ ਵੀ ਚੋਰੀ ਹੋ ਜਾਂਦੀਆਂ ਹਨ ਉੱਥੇ ਟਰੈਕਟਰ-ਟਰਾਲੀ ਟੁੱਟੀਆਂ ਸੜਕਾਂ ਵਿਚ ਫ਼ਸ ਜਾਂਦੇ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦਾ ਨਕਲੀ ਦਵਾਈ ਬਣਾਉਣ ਵਾਲੀਆਂ ਫ਼ੈਕਟਰੀਆਂ ਖ਼ਿਲਾਫ਼ ਵੱਡਾ ਐਕਸ਼ਨ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੰਡੀ ਵਿਚ ਸਾਫ਼ ਸਫ਼ਾਈ ਦਾ ਕੋਈ ਵੀ ਪ੍ਰਬੰਧ ਨਹੀਂ ਹੈ, ਜਿਸ ਕਰਕੇ ਮੀਂਹ ਪੈਣ ਦੌਰਾਨ ਕਈ ਕਈ ਦਿਨ ਤੱਕ ਪਾਣੀ ਖੜ੍ਹਾ ਰਹਿੰਦਾ ਹੈ। ਉੱਧਰ ਕੁਝ ਲੋਕਾਂ ਨੇ ਦੱਸਿਆ ਕਿ ਮੰਡੀ ਅੰਦਰ ਪੁੱਜਣ ਵਾਲੀ ਫ਼ਸਲ ਵਿਚੋਂ ਨਿਕਲਣ ਵਾਲੇ ਛਾਣ ਦੀ ਲੰਮੇਂ ਸਮੇਂ ਤੋਂ ਬੋਲੀ ਨਹੀਂ ਕੀਤੀ ਗਈ ਹੈ, ਜਿਸ ਕਰਕੇ ਮੰਡੀ ਦੀਆਂ ਸੜਕਾਂ 'ਤੇ ਪਰਾਲੀ ਅਤੇ ਰਹਿੰਦ ਖੂੰਹਦ ਰੁਲਦੀ ਨਜ਼ਰ ਆ ਰਹੀ ਹੈ, ਜਿਸ ਕਰਕੇ ਮੰਡੀ ਅੰਦਰ ਸਾਹ ਲੈਣਾ ਵੀ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦਫ਼ਤਰ ਵਲੋਂ ਖ਼ਰਚ ਕੀਤੇ ਲੱਖਾਂ ਰੁਪਏ ਦੇ ਬਾਵਜੂਦ ਸੜਕਾਂ ਟੁੱਟੀਆਂ ਨਜ਼ਰ ਆ ਰਹੀਆਂ ਹਨ, ਜਿਸ ਕਰਕੇ ਜਿੱਥੇ ਕਿਸਾਨਾਂ ਨੂੰ ਵਾਹਨ ਲਿਜਾਣ ਲਈ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ ਉੱਥੇ ਹੀ ਆੜ੍ਹਤੀਆਂ ਨੂੰ ਵੀ ਜਾਮ ਲੱਗਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਨਸ਼ੇੜੀ ਨੌਜਵਾਨਾਂ ਦਾ ਕਾਰਾ, ਮਹਿਲਾ ASI ਨਾਲ ਕੀਤਾ ਗਾਲੀ-ਗਲੋਚ, ਕਾਂਸਟੇਬਲ ਨੂੰ ਵੀ ਮਾਰੇ ਲੱਤਾਂ-ਘਸੁੰਨ

ਮੰਡੀ ਵਿਚ ਆੜ੍ਹਤੀਆਂ ਪਾਸੋਂ ਇਕੱਤਰ ਕੀਤੀ ਜਾ ਰਹੀ ਉਗਰਾਹੀ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਥਾਨਕ ਮੰਡੀ ਵਿਚ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਮਾਰਕੀਟ ਕਮੇਟੀ ਦਫ਼ਤਰ ਦੇ ਕੁਝ ਕਰਮਚਾਰੀਆਂ ਵਲੋਂ ਕਥਿਤ ਤੌਰ 'ਤੇ ਪ੍ਰਤੀ ਦੁਕਾਨ 3000 ਰੁਪਏ ਬਤੌਰ ਰਿਸ਼ਵਤ ਵਸੂਲ ਕੀਤੀ ਜਾਂਦੀ ਹੈ। ਇਹ ਇਕੱਤਰ ਕੀਤੀ ਜਾਂਦੀ ਰਕਮ ਮੰਡੀ ਬੋਰਡ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਆੜ੍ਹਤੀਆਂ 'ਤੇ ਦਬਾਅ ਬਣਾਇਆ ਜਾਂਦਾ ਹੈ।ਸਥਾਨਕ ਦਾਣਾ ਮੰਡੀ ਵਿਚ ਕਰੀਬ 100 ਤੋਂ ਵੱਧ ਆੜ੍ਹਤੀਆਂ ਨੂੰ ਹਰ ਸੀਜ਼ਨ ਵਿਚ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵਲੋਂ ਕੀਤੀ ਜਾਂਦੀ ਮੰਗ ਨੂੰ ਮਜ਼ਬੂਰਨ ਪੂਰਾ ਕੀਤਾ ਜਾਂਦਾ ਹੈ ਨਹੀਂ ਤਾਂ ਉਨ੍ਹਾਂ ਦੇ ਲਾਇਸੈਂਸ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਦੇਊ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਫ਼ਸਲ ਵਿਚੋਂ ਨਿਕਲਣ ਵਾਲੇ ਛਾਣ ਸਬੰਧੀ ਟੈਂਡਰ ਜਾਰੀ ਕੀਤੇ ਜਾਂਦੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਇਹ ਪ੍ਰਣਾਲੀ ਬੰਦ ਕਰ ਦਿੱਤੀ ਗਈ ਹੈ, ਜਿਸ ਕਰਕੇ ਮੰਡੀ ਵਿਚ ਛਾਣ ਨੂੰ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਟੈਂਡਰ ਜਾਰੀ ਕਰਦੇ ਹੋਏ ਛਾਣ ਨੂੰ ਚੁਕਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਵਿਚ 220 ਦੇ ਕਰੀਬ ਆੜ੍ਹਤੀ ਸਰਕਾਰ ਦੇ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ ਪਰ ਮੰਡੀ ਵਿਚ ਫ਼ਸਲ ਜ਼ਿਆਦਾ ਆਉਣ ਕਰਕੇ ਜਗ੍ਹਾ ਦੀ ਕਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ, ਜਿਸ ਬਾਰੇ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਹੱਥ-ਮੂੰਹ ਸਾੜ ਕੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਮਿਲੇਗਾ ਇਨਾਮ, ਚਰਚਾ ਦਾ ਵਿਸ਼ਾ ਬਣੀ ਅਧਿਆਪਕ ਦੀ ਇਹ ਪੋਸਟ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਮ ਤਰਨਤਾਰਨ ਵਾਧੂ ਚਾਰਜ ਦੀਪਕ ਭਾਟੀਆ ਨੇ ਦੱਸਿਆ ਕਿ ਮੰਡੀ ਵਿਚ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਮਾਰਕੀਟ ਕਮੇਟੀ ਪਾਸੋਂ ਲੈਂਦੇ ਹੋਏ ਉਸਨੂੰ ਠੀਕ ਕਰਵਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News