ਬਰਸਾਤ ਕਾਰਨ ਵਧੀ ਠੰਡ ਤੇ ਧੁੰਦ ਨੇ ਪ੍ਰਭਾਵਿਤ ਕੀਤੀ ਆਵਾਜਾਈ

12/13/2018 1:13:54 AM

 ਗੁਰਦਾਸਪੁਰ,   (ਵਿਨੋਦ)-  ਇਸ ਮੌਸਮ ਦੀ ਗੁਰਦਾਸਪੁਰ ਅਤੇ ਆਸਪਾਸ ਦੇ ਇਲਾਕੇ ’ਚ ਹੋਈ ਪਹਿਲੀ ਬਰਸਾਤ ਅਤੇ ਪਈ ਸੰਘਣੀ ਧੁੰਦ ਕਾਰਨ ਜਿਥੇ ਪਾਰਾ ਕਾਫੀ ਹੇਠਾਂ ਆ ਗਿਆ, ਉਥੇ ਇਸ ਧੁੰਦ ਦੇ ਕਾਰਨ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਇਆ। ਧੁੰਦ ਦਾ ਅਸਰ ਬੱਸ ਸੇਵਾ ਅਤੇ ਰੇਲ ਸੇਵਾ ’ਤੇ ਵੀ ਪਿਆ। ਸਕੂਲਾਂ ’ਚ ਅੱਜ ਛੁੱਟੀ ਹੋਣ ਕਾਰਨ ਬੱਚਿਆਂ ਦਾ ਇਸ ਤੋਂ ਬਚਾਅ ਰਿਹਾ। 
 ਰਾਤ ਤੋਂ ਹੀ ਹੋ ਰਹੀ ਬਰਸਾਤ ਅਤੇ ਅੱਜ ਸਵੇਰੇ ਸੰਘਣੀ ਧੁੰਦ ਗੁਰਦਾਸਪੁਰ ਅਤੇ ਆਸਪਾਸ ਦੇ ਇਲਾਕਿਆਂ ’ਚ ਵੇਖੀ ਗਈ। ਸਵੇਰੇ ਉਠਦੇ ਹੀ ਧੁੰਦ ਦਾ ਇੰਨਾ ਜ਼ਿਆਦਾ ਅਸਰ ਸੀ ਕਿ ਕੁਝ ਦੂਰੀ ’ਤੇ ਕੁਝ ਦਿਖਾਈ ਨਹੀਂ ਦਿੰਦਾ ਸੀ। ਧੁੰਦ ਦੇ ਕਾਰਨ ਤਾਪਮਾਨ ’ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਸਰਦੀ ਦਾ ਪ੍ਰਕੋਪ ਵੀ ਅੱਜ ਪਹਿਲੇ ਦਿਨ ਹੀ ਵੇਖਣ ਨੂੰ ਮਿਲਿਆ। ਜਿਸ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 
 ਕੀ ਅਸਰ ਰਿਹਾ ਸੰਘਣੀ ਧੁੰਦ ਦਾ
 ਅੱਜ ਸਵੇਰੇ ਜਿਵੇਂ ਹੀ ਲੋਕ ਉੱਠੇ ਤਾਂ ਚਾਰੇ ਪਾਸੇ ਸੰਘਣੀ ਧੁੰਦ ਪਈ ਦਿਖਾਈ ਦਿੱਤੀ। ਕੁਝ ਦੂਰੀ ਤੋਂ ਦਿਖਾਈ ਨਹੀਂ ਦਿੰਦਾ ਸੀ। ਬੱਸ ਸੇਵਾ ਵੀ ਪ੍ਰਭਾਵਿਤ ਹੋਈ ਅਤੇ ਬੱਸਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਦੀਆਂ ਦਿਖਾਈ ਦਿੱਤੀਆਂ। ਇਹੀ ਕਾਰਨ ਸੀ ਕਿ ਬੱਸ ਸੇਵਾ ਵੀ ਦੇਰੀ ਨਾਲ ਚੱਲੀ ਅਤੇ ਲੰਮੀ ਦੂਰੀ ਦੀਆਂ ਬੱਸਾਂ ਨਿਰਧਾਰਿਤ ਸਮੇਂ ਤੋਂ ਲੇਟ ਚੱਲੀਆਂ। ਲਿੰਕ ਰੂਟਾਂ ’ਤੇ ਵੀ ਧੁੰਦ ਦਾ ਅਸਰ ਹੋਣ ਦੇ ਕਾਰਨ ਲਿੰਕ ਰੂਟਾਂ ’ਤੇ ਵੀ ਬੱਸ ਸੇਵਾ ਪ੍ਰਭਾਵਿਤ ਹੋਈ। 
 ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ
 ਅੱਜ ਧੁੰਦ ਦਾ ਅਸਰ ਪੂਰੇ ਪੰਜਾਬ ’ਚ ਹੋਣ ਦੇ ਕਾਰਨ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਅਤੇ ਰੇਲ ਗੱਡੀਆਂ ਨਿਰਧਾਰਿਤ ਸਮੇਂ ਤੋਂ ਕੁਝ ਦੇਰੀ ’ਤੇ ਚੱਲ ਰਹੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੰਮੀ ਦੂਰੀ ਦੀਆਂ ਰੇਲ ਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਸੀ। ਰੇਲ ਗੱਡੀ ’ਚ ਸਵਾਰ ਯਾਤਰੀਆਂ ਦੇ ਅਨੁਸਾਰ ਸੰਘਣੀ ਧੁੰਦ ਦਾ ਅਸਰ ਤਾਂ ਅੱਧੀ ਰਾਤ ਤੋਂ ਹੀ ਸਪੱਸ਼ਟ ਦਿਖਾਈ ਦੇ ਰਿਹਾ ਹੈ।
 ਕੀ ਕਹਿੰਦੇ ਨੇ ਟ੍ਰੈਫਿਕ ਪੁਲਸ ਇੰਚਾਰਜ
 ਇਸ ਸਬੰਧੀ ਟ੍ਰੈਫਿਕ ਪੁਲਸ ਇੰਚਾਰਜ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਧੁੰਦ ਹੋਵੇ ਤਾਂ ਵਾਹਨ ਚਾਲਕਾਂ ਨੂੰ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਜਦ ਰਾਤ ਨੂੰ ਸੰਘਣੀ ਧੁੰਦ ਹੋਵੇ ਤਾਂ ਕੋਸ਼ਿਸ ਕੀਤੀ ਜਾਵੇ ਕਿ ਰਾਤ ਨੂੰ ਵਾਹਨ  ’ਚ ਸਫਰ ਨਾ ਕੀਤਾ ਜਾਵੇ, ਕਿਉਂਕਿ ਰਾਤ ਦੇ ਸਮੇਂ ਸੰਘਣੀ ਧੁੰਦ ਹੋਣ ਕਾਰਨ ਵੇਖਣ ਦੀ ਸ਼ਮਤਾ ਬਹੁਤ ਘੱਟ ਹੋ ਜਾਦੀ ਹੈ। ਮੌਸਮ ਨੂੰ ਵੇਖਦੇ ਹੋਏ ਵਾਹਨਾਂ ਦੇ ਅੱਗੇ ਪਿੱਛੇ ਰਿਫਲੈਕਟਰ ਜ਼ਰੂਰ ਲਾਓ ਅਤੇ ਵਾਹਨਾਂ ਦੀ ਲਾਈਟ ਪੂਰੀ ਤਰ੍ਹਾਂ ਨਾਲ ਠੀਕ ਹੋਣੀ ਚਾਹੀਦੀ ਹੈ। ਧੁੰਦ ਵਿਚ ਵਾਹਨਾਂ ਦੀ ਗਤੀ ਵੀ ਤੇਜ਼ ਨਹੀਂ ਹੋਣੀ ਚਾਹੀਦੀ।
 ਸੀਜ਼ਨ ਦੇ ਪਹਿਲੇ ਦਿਨ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪਿਆ
 ਬਰਸਾਤ ਦੇ ਕਾਰਨ ਸਰਦੀ ਦੇ ਪ੍ਰਕੋਪ ਦੇ ਚਲਦੇ ਦੁਕਾਨਦਾਰਾਂ ਨੂੰ ਵੀ ਸਰਦੀ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਣਾ ਪਿਆ। ਬਾਜ਼ਾਰ ਵਿਚ ਬਰਸਾਤ ਦੇ ਕਾਰਨ ਗ੍ਰਾਹਕ ਘੱਟ ਹੋਣ ਕਾਰਨ ਦੁਕਾਨਦਾਰ ਅੱਗ ਬਾਲ ਕੇ ਸੇਕਦੇ ਨਜ਼ਰ ਆਏ। ਦੁਕਾਨਦਾਰਾਂ ਅਨੁਸਾਰ ਜਿਸ ਦਿਨ ਸਵੇਰੇ ਹੀ ਬਰਸਾਤ ਸ਼ੁਰੂ ਹੋ ਜਾਦੀ ਹੈ, ਉਸ ਦਿਨ ਮੰਦੀ ਬਹੁਤ ਰਹਿੰਦੀ ਹੈ। 
 ਕੀ ਕਹਿਣਾ ਹੈ  ਬੱਚਿਆਂ ਦੇ ਮਾਹਿਰ ਡਾ. ਪੀ. ਕੇ . ਮਹਾਜਨ ਦਾ
 ਉਨ੍ਹਾਂ ਨੇ ਕਿਹਾ ਕਿ ਇਸ ਬਰਸਾਤ ਦੇ ਕਾਰਨ ਬੱਚਿਆਂ ’ਤੇ ਇਸ ਦਾ ਅਸਰ ਰਹੇਗਾ ਅਤੇ ਇਸ ਮੌਸਮ ’ਚ ਬੱਚਿਆਂ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਗਰਮ ਕੱਪਡ਼ੇ ਪਾਉਣੇ ਚਾਹੀਦੇ ਹਨ ਅਤੇ ਹੋ ਸਕੇ ਤਾਂ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਬਰਸਾਤ ਲੋਕਾਂ ਨੂੰ ਕਈ ਬੀਮਾਰੀਆਂ ਤੋਂ ਰਾਹਤ ਦਿਵਾਏਗੀ ਪਰ ਛੋਟੇ ਬੱਚਿਆਂ ਨੂੰ ਨੁਕਸਾਨ ਕਰ ਸਕਦੀ ਹੈ।
 


Related News