ਇਕ ਸਮੇਂ ’ਚ ਡਾਕਟਰ ਨੇ 1 ਕਮਰੇ ਵਿਚ 2 ਲਾਸ਼ਾਂ ਦਾ ਕੀਤਾ ਪੋਸਟਮਾਰਟਮ, ਲਾਸ਼ ਦੀ ‘ਹਾਈਟ’ 6 ਇੰਚ ਹੋ ਗਈ ਘੱਟ

Saturday, Nov 10, 2018 - 06:16 AM (IST)

ਅੰਮ੍ਰਿਤਸਰ, (ਜ. ਬ., ਨਵਦੀਪ)- ਇਕ ਡਾਕਟਰ ਨੇ 2 ਲਾਸ਼ਾਂ ਦਾ ਪੋਸਟਮਾਰਟਮ 1 ਕਮਰੇ ਵਿਚ ਇਕ ਹੀ ਸਮੇਂ ’ਚ ਕਿਵੇਂ ਕਰ ਦਿੱਤਾ ਅਤੇ ਪੋਸਟਮਾਰਟਮ ਦੌਰਾਨ ਇਕ ਲਾਸ਼ ਦੀ ਹਾਈਟ 6 ਇੰਚ ਘੱਟ ਕਿਵੇਂ ਹੋ ਗਈ,  ਇਸ ਦਾ ਜਵਾਬ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਤੋਂ ਬੀਤੀ 14 ਸਤੰਬਰ ਨੂੰ ਮੰਗਿਆ ਸੀ,  ਜਿਸ ਤਹਿਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੋਂ 15 ਦਿਨਾਂ ’ਚ ਜਵਾਬ ਮੰਗਿਆ ਗਿਆ ਹੈ।
®ਇਸ ਮਾਮਲੇ ਦੀ ਦੂਜੀ ਜਾਂਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਫ਼ਤਰ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ 17 ਸਤੰਬਰ ਨੂੰ ਪਹੁੰਚੀ ਹੈ, ਜਿਸ ਤਹਿਤ ਐਡੀਸ਼ਨਲ ਹੈਲਥ ਸੈਕਟਰੀ ਸਤੀਸ਼ ਚੰਦਰਾ ਜਾਂਚ ਕਰ ਰਹੇ ਹਨ।  ਉਧਰ, ਪੋਸਟਮਾਰਟਮ ਤੋਂ ਲੈ ਕੇ ਵਿਸਰਾ ਲੈਬ ਤੱਕ ਜਾਂਚ ਦੇ ਦਾਇਰੇ ਵਿਚ ਆ ਗਿਆ ਹੈ, ਜਿਸ ਤਹਿਤ ‘ਮੈਡੀਕਲ ਕੌਂਸਲ ਆਫ ਇੰਡੀਆ’ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਪੰਜਾਬ ਮੈਡੀਕਲ ਕੌਂਸਲ ਨੂੰ ਡਾ. ਸਵਿੰਦਰ ਸਿੰਘ ਤੇ ਡਾ.  ਮਨੀਸ਼ ਗੁਪਤਾ ਨੂੰ ਸਪੱਸ਼ਟੀਕਰਨ ਦੇਣ ਦਾ ਨੋਟਿਸ ਬੀਤੀ 25 ਅਕਤੂਬਰ ਨੂੰ ਜਾਰੀ ਕੀਤਾ। ਦੋਵਾਂ ਡਾਕਟਰਾਂ ਨੂੰ ਪੋਸਟਮਾਰਟਮ ਤੋਂ ਲੈ ਕੇ ਵਿਸਰਾ ਵਿਚ ਹੇਰਫੇਰ ਦੇ ਦੋਸ਼ਾਂ ਦੇ ਤੱਥਾਂ ’ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਗਿਆ ਹੈ।
ਪੰਜਾਬ ਵਿਚ ਹੁਣ ਤੱਕ ‘ਪੋਸਟਮਾਰਟਮ’ ਅਤੇ ‘ਵਿਸਰਾ’ ਵਿਚ ਹੇਰਫੇਰ ਦੇ ਦੋਸ਼ਾਂ ਵਿਚ ਇਹ ਪਹਿਲਾ ਮਾਮਲਾ ਹੈ ਜੋ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਟਾਈਮ ਨਿਰਧਾਰਤ ਕਰਦੇ ਹੋਏ ਜਵਾਬ ਮੰਗਿਆ ਗਿਆ ਹੈ, ਉਥੇ ਹੀ ਇਸ ਮਾਮਲੇ ਵਿਚ ਐਡੀਸ਼ਨਲ ਹੈਲਥ ਸੈਕਟਰੀ ਸਤੀਸ਼ ਚੰਦਰਾ ਨੇ ਆਪ ਕਮਾਨ ਫਡ਼ ਲਈ ਹੈ। ਇਸ ਮਾਮਲੇ ਨੂੰ ‘ਜਗ ਬਾਣੀ’ ਨੇ 5 ਮਈ ਤੇ 7 ਮਈ ਨੂੰ ਪੰਜਾਬ ਦੇ ਸਭ ਤੋਂ ਵੱਡੇ ਘੋਟਾਲੇ ’ਤੇ ਫੋਕਸ ਕਰਦਿਅਾਂ ਸਟੋਰੀ ਪ੍ਰਕਾਸ਼ਿਤ ਕੀਤੀ ਸੀ,  ਜਿਸ ਦਾ ਨੋਟਿਸ ਲੈਂਦਿਅਾਂ ਹੁਣ ਇਹ ਮਾਮਲਾ ਦੇਸ਼ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕੋਲ ਪਹੁੰਚ ਗਿਆ ਹੈ।

ਮੌਤ ਤੋਂ ਬਾਅਦ ‘ਲਾਸ਼’ ਨੇ ਕੱਢਿਆ ਬੈਂਕ ’ਚੋਂ ਕੈਸ਼
ਨਿਤਿਆ ਦੀ ਮੌਤ 13 ਫਰਵਰੀ ਨੂੰ ਹੋਈ, 14 ਫਰਵਰੀ ਨੂੰ ਰਣਜੀਤ ਐਵੀਨਿਊ ਸਥਿਤ ਯੂਨੀਅਨ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ‘ਟ੍ਰੇਸਿੰਗ ਪੇਪਰ’ ਜ਼ਰੀਏ ਦਸਤਖਤ ਕਰ ਕੇ ਉਸ ਦੇ ਖਾਤੇ ’ਚੋਂ ਕਿਵੇਂ ਪੈਸੇ ਕੱਢੇ ਗਏ, ਸੀ. ਸੀ. ਟੀ. ਵੀ. ਵਿਚ ਕੈਦ ਹੈ। ਸਵਾਲ ਹੈ ਕਿ ਮੌਤ ਤੋਂ ਬਾਅਦ ‘ਲਾਸ਼’ ਨੇ ਬੈਂਕ ’ਚੋਂ ਕਿਵੇਂ ਕੈਸ਼ ਕੱਢਿਆ। ਇਸ ਦੀ ਜਾਂਚ ਵੀ ਹਰਜੀਤ ਸਿੰਘ ਧਾਲੀਵਾਲ  (ਏ. ਡੀ. ਸੀ. ਪੀ. ਕ੍ਰਾਈਮ) ਕੋਲ ਨਿਤਿਆ ਦੇ ਜੀਜੇ, ਭੈਣ ਤੇ ਹੋਰਨਾਂ ਖਿਲਾਫ ਵਿਚਾਰ ਅਧੀਨ ਹੈ।

ਕੀ ਹੈ ਮਾਮਲਾ
ਨਿਤਿਆ ਗੁਪਤਾ ਦੀ ਬੀਤੀ 13 ਫਰਵਰੀ ਨੂੰ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸਹੁਰੇ ਘਰ ਵਾਲਿਆਂ ਨੇ ਹਾਰਟ ਅਟੈਕ ਤਾਂ ਪੇਕੇ ਵਾਲਿਆਂ ਨੇ ਸਲਫਾਸ ਨਿਗਲੀ ਮੌਤ ਦਾ ਕਾਰਨ ਦੱਸਿਆ। ਨਿਤਿਆ ਦੀ ਲਾਸ਼ ਪੋਸਟਮਾਰਟਮ ਲਈ ਪਹੁੰਚੀ, ਜਿਥੇ ਇਕ ਹੋਰ ਔਰਤ ਕੁਲਵਿੰਦਰ ਕੌਰ (ਬਟਾਲਾ ਵਾਸੀ) ਦੀ ਲਾਸ਼ ਲਿਆਂਦੀ ਗਈ ਸੀ, ਜਿਸ ਨੂੰ ਪੁਲਸ ਨੇ ਕਾਗਜ਼ਾਂ ਵਿਚ ਸਲਫਾਸ ਖਾਣ ਦਾ ਸ਼ੱਕ ਜਤਾਇਆ ਸੀ, ਜਦੋਂ ਕਿ ਨਿਤਿਆ ਦੀ ਮੌਤ ’ਤੇ ਪੁਲਸ ਨੇ ਜ਼ਹਿਰ ਦਾ ਸ਼ੱਕ ਨਹੀਂ ਜਤਾਇਆ। 2 ਲਾਸ਼ਾਂ ਦਾ ਪੋਸਟਮਾਰਟਮ ਡਾ. ਸਵਿੰਦਰ ਸਿੰਘ, ਡਾ. ਮਨਿੰਦਰ ਸਿੰਘ ਤੇ ਡਾ. ਜਸਵਿੰਦਰ ਕੌਰ ਨੇ ਕੀਤਾ। ਇਸ ਦੌਰਾਨ ਮ੍ਰਿਤਕਾ ਨਿਤਿਆ ਗੁਪਤਾ ਦੀ ਭੂਆ ਦਾ ਪੁੱਤਰ ਡਾ. ਮਨੀਸ਼ ਗੁਪਤਾ ਵੀ ਪੋਸਟਮਾਰਟਮ ਹੁੰਦੇ ਸਮੇਂ ਜ਼ਿਆਦਾਤਰ ਡਾ. ਸਵਿੰਦਰ ਸਿੰਘ ਨਾਲ ਰਿਹਾ, ਡਾ. ਮਨੀਸ਼ ਗੁਪਤਾ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪਡ਼੍ਹਾਈ ਕੀਤੀ ਹੈ।
2 ਮਹੀਨਿਅਾਂ ਬਾਅਦ ਵਿਸਰਾ ਰਿਪੋਰਟ ਵਿਚ ਆਇਆ ਕਿ ਮੌਤਾਂ ਦਾ ਕਾਰਨ ਸਲਫਾਸ ਹੈ ਪਰ ਦੂਜੇ ਪਾਸੇ ਨਿਤਿਆ ਦੇ ਸਹੁਰੇ ਵਾਲਿਆਂ ਨੇ ਤੱਥਾਂ ਨਾਲ ਦੋਸ਼ ਲਾਏ ਕਿ ਪੋਸਟਮਾਰਟਮ ਤੋਂ ਲੈ ਕੇ ਵਿਸਰਾ ਲੈਬ ਤੱਕ ਕਿਤੇ ਗਡ਼ਬਡ਼ ਹੋਈ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿਚ ਨਿਤਿਆ ਦੇ ਪਤੀ ਅਤੁਲ ਗੁਪਤਾ ਤੇ ਸਹੁਰੇ ਪ੍ਰਵੀਨ ਗੁਪਤਾ  ਜੇਲ ’ਚ ਹਨ ਅਤੇ ਬਾਕੀ ਪਰਿਵਾਰ ਦੇ ਲੋਕ ਜ਼ਮਾਨਤ ’ਤੇ ਹਨ।  5 ਸਾਲ ਦੇ ਪੁੱਤਰ ਮਾਹਿਰ ਦਾ ਦਾਦੀ ਅੰਕਿਤਾ ਗੁਪਤਾ ਤੇ ਪਰਿਵਾਰ ਦੇ ਲੋਕ ਪਾ ਕਰ ਰਹੇ ਹਨ। ਮਾਮਲਾ ਹਾਈਫਾਈ ਪ੍ਰੋਫਾਈਲ ਦਾ ਸੀ, ਪੁਲਸ ਦੀ ਐੱਫ. ਆਈ. ਆਰ. ’ਤੇ ਨਿਤਿਆ ਦੇ ਸਹੁਰੇ ਘਰ ਵਾਲਿਆਂ ਨੇ ਸਵਾਲ ਚੁੱਕੇ, ਜਾਂਚ ਏ. ਡੀ. ਸੀ. ਪੀ.-2 ਲਖਬੀਰ ਸਿੰਘ ਕੋਲ ਪਹੁੰਚੀ, ਜਾਂਚ ਚੱਲ ਹੀ ਰਹੀ ਸੀ ਕਿ ਡੀ. ਜੀ. ਪੀ. ਪੰਜਾਬ ਵੱਲੋਂ ਜਾਂਚ ਬਦਲ ਦਿੱਤੀ ਗਈ। ਨਿਤਿਆ ਦਾ ਭਰਾ ਟੀ. ਵੀ. ਦੇ ਕ੍ਰਾਈਮ ਸ਼ੋਅ ਸੀਰੀਅਲ ਦਾ ਪ੍ਰੋਡਿਊਸਰ ਹੈ, ਸਕ੍ਰਿਪਟ ਲਿਖੀ ਗਈ ਹੈ। (ਇਹ ਮਾਮਲਾ ਪੰਜਾਬ ਦਾ ਸਭ ਤੋਂ ਵੱਡਾ ਪੋਸਟਮਾਰਟਮ ਤੇ ਵਿਸਰਾ ਘੋਟਾਲੇ ਵਾਲਾ ਸਾਬਿਤ ਹੋਵੇਗਾ। ਵਰਗਾ ਅਤੁਲ ਗੁਪਤਾ ਦੇ ਭਰਾ ਮਨੀਸ਼ ਗੁਪਤਾ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਲਿਖਿਆ)

ਇਕ ਮਾਮਲੇ ’ਚ 2 ਜਾਂਚ
ਨਿਤਿਆ  ਦੇ ‘ਪੋਸਟਮਾਰਟਮ’ ਤੋਂ ਲੈ ਕੇ ‘ਵਿਸਰਾ’ ਵਿਚ ਹੇਰਫੇਰ ਨੂੰ ਲੈ ਕੇ ਇਕ ਹੀ ਮਾਮਲੇ ’ਚ 2 ਜਾਂਚ ਚੱਲ ਰਹੀਅਾਂ ਹਨ।  ਪਹਿਲੀ ਜਾਂਚ ਰਾਸ਼ਟਰਪਤੀ ਨੇ ਡਾਇਰੀ ਨੰ. 638598 ਤਹਿਤ ਚੀਫ ਸੈਕਟਰੀ ਪੰਜਾਬ ਨੂੰ ਭੇਜੀ ਹੈ, ਜਿਸ ਵਿਚ ਚੀਫ ਸੈਕਟਰੀ ਪੀ2-ਸੀ-1409180162 ਤਹਿਤ ਜਾਂਚ ਕਰ ਰਹੀ ਹੈ ਤਾਂ ਉਥੇ ਹੀ ਦੂਜੀ ਜਾਂਚ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਡਾਇਰੀ ਨੰ. 26430 ਤਹਿਤ ਜਾਂਚ ਸ਼ੁਰੂ ਕੀਤੀ ਹੈ।
ਕਿਸੇ ਨੇ ਕੀਤਾ ਮਨ੍ਹਾ, ਕਿਸੇ ਨੇ ਨਹੀਂ ਚੁੱਕਿਆ ਫੋਨ
‘ਜਗ ਬਾਣੀ’ ਤੋਂ ਫੋਨ ’ਤੇ ਦਿੱਲੀ ਹਾਰਟ ਇੰਸਟੀਚਿਊਟ ਬਠਿੰਡਾ ਦੇ ਸੰਦੀਪ  (ਚੀਫ ਐਡਮਿਨ) ਨੇ ਕਿਹਾ ਕਿ ਡਾ.  ਮਨੀਸ਼ ਗੁਪਤਾ ਸਾਡੇ ਕੋਲ ਹਨ ਪਰ ਉਨ੍ਹਾਂ ਨੂੰ ਮੈਡੀਕਲ ਕੌਂਸਲ ਆਫ ਇੰਡੀਆ ਦਾ ਕੋਈ ਨੋਟਿਸ ਨਹੀਂ ਮਿਲਿਆ। ਉਧਰ,  ਡਾ. ਮਨੀਸ਼ ਗੁਪਤਾ ਵੀ ਨੋਟਿਸ ਮਿਲਣ ਤੋਂ ਮਨ੍ਹਾ ਕਰਦੇ ਹਨ। ਡਾ. ਸਵਿੰਦਰ ਸਿੰਘ ਨੂੰ ਕਈ ਵਾਰ ਫੋਨ ਕੀਤਾ ਪਰ  ਉਨ੍ਹਾਂ ਰਿਸੀਵ ਨਹੀਂ ਕੀਤਾ। ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਵੀ ਫੋਨ ਰਿਸੀਵ ਨਹੀਂ ਕੀਤਾ।

  ਮੈਂ ਵਟਸਅੈਪ ਦੇਖਿਆ ਹੈ, ਕੁਝ ਮੁੱਦਾ ਆਇਆ ਹੈ। ਮੈਂ ਅਜੇ ਪੂਰੀ ਤਰ੍ਹਾਂ ਮਾਮਲੇ ਤੋਂ ਜਾਣੂ ਨਹੀਂ ਹਾਂ।
–ਕਮਲਦੀਪ ਸਿੰਘ ਸੰਘਾ,
ਡਿਪਟੀ ਕਮਿਸ਼ਨਰ

 ਜਦੋਂ ਤੱਕ ਕੇਸ ਵਿਚ ਮੈਂ ਜਾਂਚ ਕੀਤੀ ਤਦ ਤੱਕ ਇਹੀ ਗੱਲ ਸਾਹਮਣੇ ਆ ਰਹੀ ਸੀ ਕਿ ਪੋਸਟਮਾਰਟਮ ਤੋਂ ਲੈ ਕੇ ਫੋਰੈਂਸਿਕ ਲੈਬ ਤੱਕ ਕਿਤੇ ਨਾ ਕਿਤੇ ਗਡ਼ਬਡ਼ ਹੈ ਕਿਉਂਕਿ ਗਵਾਹੀ ਅਤੇ ਸਬੂਤ ਕੁਝ ਹੋਰ ਕਹਿੰਦੇ ਹਨ ਤੇ ਫੋਰੈਂਸਿਕ ਰਿਪੋਰਟ ਕੁਝ ਹੋਰ।
–ਲਖਬੀਰ ਸਿੰਘ, ਏ. ਡੀ. ਸੀ. ਪੀ.-2


Related News