ਪੁਲਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਮੌਤ ਬਣ ਕੇ ਉੱਡ ਰਹੀ ਚਾਈਨਾ ਡੋਰ, ਮਰਨ ਤੋਂ ਬਚਿਆ ਵਿਅਕਤੀ

Friday, Dec 30, 2022 - 10:38 AM (IST)

ਪੁਲਸ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਮੌਤ ਬਣ ਕੇ ਉੱਡ ਰਹੀ ਚਾਈਨਾ ਡੋਰ, ਮਰਨ ਤੋਂ ਬਚਿਆ ਵਿਅਕਤੀ

ਅੰਮ੍ਰਿਤਸਰ (ਨੀਰਜ)- ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਸ ਕਮਿਸ਼ਨਰ ਜਸਕਰਨ ਸਿੰਘ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਚਾਈਨਾ ਡੋਰ ਮਹਾਨਗਰ ਵਿਚ ਅੰਨ੍ਹੇਵਾਹ ਮੌਤ ਬਣ ਕੇ ਉੱਡ ਰਹੀ ਹੈ ਅਤੇ ਲੋਕਾਂ ਦੇ ਗਲੇ ਵੱਢ ਰਹੀ ਹੈ। ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਇਸ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਹੈ ਅਤੇ ਪੰਛੀ ਇਸ ਦੀ ਲਪੇਟ ’ਚ ਆ ਕੇ ਤੜਫ਼-ਤੜਫ਼ ਕੇ ਮਰ ਰਹੇ ਹਨ। ਬੁੱਧਵਾਰ ਨੂੰ ਵੀ ਜੰਡਿਆਲਾ ਵਾਸੀ ਹਰਬਖਸ਼ ਸਿੰਘ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਕਿਉਂਕਿ ਡੋਰ ਉਸ ਦੀ ਧੌਣ ਵਿਚ ਫਿਰ ਗਈ, ਜੇਕਰ ਕੁਝ ਸਕਿੰਟਾਂ ਦਾ ਸਮਾਂ ਹੋਰ ਲੱਗ ਜਾਂਦਾ ਤਾਂ ਜਾਨ ਵੀ ਜਾ ਸਕਦੀ ਸੀ।

ਦੂਜੇ ਪਾਸੇ ਵਾਤਾਵਰਣ ਪ੍ਰੇਮੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੀ ਲੰਮੇ ਸਮੇਂ ਤੋਂ ਮੰਗ ਕਰ ਰਹੀਆਂ ਹਨ ਕਿ ਚਾਈਨਾ ਡੋਰ ਦੀ ਪੈਦਾਵਾਰ ’ਤੇ ਰੋਕ ਲਗਾਈ ਜਾਵੇ ਪਰ ਸਾਬਕਾ ਗਠਜੋੜ ਸਰਕਾਰ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ’ਤੇ ਪਾਬੰਦੀ ਲਗਾਉਣ ਵਿਚ ਬੁਰੀ ਤਰ੍ਹਾਂ ਅਸਫ਼ਲ ਹੁੰਦੀ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਦੋ ਮੀਟਰ ਲਗਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮੁਫ਼ਤ ਬਿਜਲੀ ’ਤੇ ਕਿਰਾਏਦਾਰਾਂ ਤੋਂ ਵਸੂਲੇ ਜਾ ਰਹੇ ਹਨ ਬਿੱਲ

ਪੁਲਸ ਨਹੀਂ ਕਰ ਰਹੀ ਕਾਰਵਾਈ

ਹਵਾ ਵਿਚ ਮੌਤ ਵਾਂਗ ਉੱਡ ਰਹੀ ਚਾਈਨਾ ਡੋਰ ਦੀ ਗੱਲ ਕਰਦਿਆਂ ਜਦੋਂ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਦੇਖਿਆ ਗਿਆ ਤਾਂ ਸਾਰੇ ਬੱਚੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਨਜ਼ਰ ਆ ਰਹੇ ਸਨ। ਸ਼ਾਇਦ ਹੀ ਕੋਈ ਅਜਿਹਾ ਬੱਚਾ ਹੋਵੇ, ਜਿਸ ਦੇ ਹੱਥ ਵਿਚ ਚਾਈਨਾ ਡੋਰ ਨਾ ਹੋਵੇ ਅਤੇ ਬੱਚਿਆਂ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਦੇ ਠਿਕਾਣਿਆਂ ਦਾ ਵੀ ਪਤਾ ਹੈ ਪਰ ਪੁਲਸ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਦੇ ਠਿਕਾਣੇ ਸ਼ਾਇਦ ਨਜ਼ਰ ਨਹੀਂ ਆ ਰਹੇ ਹਨ।

ਨਵੇਂ ਚਿਹਰੇ ਵੀ ਵੇਚ ਰਹੇ ਹਨ ਚਾਈਨਾ ਡੋਰ

ਚਾਈਨਾ ਡੋਰ ਅਜਿਹੇ ਲੋਕਾਂ ਵੱਲੋਂ ਵੇਚੀ ਜਾ ਰਹੀ ਹੈ, ਜਿਸ ਦਾ ਰਿਕਾਰਡ ਪੁਲਸ ਕੋਲ ਹੈ ਅਤੇ ਵਾਰ-ਵਾਰ ਚਾਈਨਾ ਡੋਰ ਵੇਚਦੇ ਫੜੇ ਜਾਣ ਕਾਰਨ ਅਜਿਹੇ ਲੋਕਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ ਪਰ ਗਠਜੋਡ਼ ਕਾਰਨ ਇਨ੍ਹਾਂ ਲੋਕਾਂ ਨੂੰ ਨੱਥ ਨਹੀਂ ਪਾਈ ਜਾ ਰਹੀ। ਇਸ ਦੇ ਨਾਲ ਹੀ ਅਜਿਹੇ ਨਵੇਂ ਚਿਹਰੇ ਚਾਈਨਾ ਡੋਰ ਵੇਚਣ ਦਾ ਕੰਮ ਵੀ ਕਰ ਰਹੇ ਹਨ, ਜਿਨ੍ਹਾਂ ਦਾ ਪਤੰਗਾਂ ਅਤੇ ਡੋਰਾਂ ਦੇ ਕਾਰੋਬਾਰ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਹਲਵਾਈ, ਕਰਿਆਨੇ ਦੇ ਦੁਕਾਨਦਾਰ ਅਤੇ ਇੱਥੋਂ ਤਕ ਕਿ ਵਾਲ ਕੱਟਣ ਦਾ ਕੰਮ ਕਰਨ ਵਾਲੇ ਲੋਕ ਵੀ ਚਾਈਨਾ ਡੋਰ ਵੇਚ ਰਹੇ ਹਨ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਅੰਦਰੋਂ 7 ਮੋਬਾਈਲ ਫੋਨ ਅਤੇ ਹੋਰ ਸਾਮਾਨ ਹੋਇਆ ਬਰਾਮਦ

ਸਖ਼ਤ ਕਾਨੂੰਨ ਬਣਾਇਆ ਜਾਵੇ, ਖਤਮ ਹੋ ਸਕਦੀ ਹੈ ਚਾਈਨਾ ਡੋਰ ਦੀ ਵਿਕਰੀ

ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ਼ ਡੀ. ਸੀ. ਅਤੇ ਪੁਲਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਜਾਂਦਾ ਹੈ, ਜਿਸ ਦੀ ਮੌਕੇ ’ਤੇ ਹੀ ਜਮਾਨਤ ਹੋ ਜਾਂਦੀ ਹੈ, ਜਦਕਿ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਗੈਰ-ਜਮਾਨਤੀ ਧਾਰਾ ਸਮੇਤ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਪਰ ਅਜੇ ਤਕ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News