ਅੰਮ੍ਰਿਤਸਰ ''ਚ ਹੋਣ ਵਾਲੇ G20 ਸੰਮੇਲਨ ਲਈ ਸੁੰਦਰੀਕਰਨ ਦੇ ਕੰਮ ਅਵਲ ਦਰਜੇ ਦੇ ਹੋਣਗੇ : ਡਿਪਟੀ ਕਮਿਸ਼ਨਰ

Wednesday, Nov 16, 2022 - 02:15 PM (IST)

ਅੰਮ੍ਰਿਤਸਰ ''ਚ ਹੋਣ ਵਾਲੇ G20 ਸੰਮੇਲਨ ਲਈ ਸੁੰਦਰੀਕਰਨ ਦੇ ਕੰਮ ਅਵਲ ਦਰਜੇ ਦੇ ਹੋਣਗੇ : ਡਿਪਟੀ ਕਮਿਸ਼ਨਰ

ਅੰਮ੍ਰਿਤਸਰ (ਸਾਗਰ) : ਮਾਰਚ 2023 ਵਿੱਚ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਆਈ ਇਕ ਟੀਮ, ਜਿਸ ਵਿੱਚ ਅੰਡਰ ਸੈਕਟਰੀ ਸਕੁਆਰਡਨ ਲੀਡਰ ਵਿਨੋਦ ਰਾਜ ਮੋਹਨ, ਅੰਡਰ ਸੈਕਟਰੀ ਸਿਖਿਆ ਬਾਨਾਮਲੀ ਨਾਇਕ ਸਿੱਖਿਆ, ਸੈਕਸ਼ਨ ਅਫ਼ਸਰ ਸਿੱਖਿਆ ਨਰਿੰਦਰ ਨਿਰਾਪੁਰੇ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜੀ-20 ਸਿਖਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਪ੍ਰਤੀਨਿਧੀਆਂ ਦੇ ਰਹਿਣ-ਸਹਿਣ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੂਦਨ ਨੇ ਦੱਸਿਆ ਕਿ ਜੀ-20 ਸਿਖਰ ਸੰਮੇਲਨ ਵਿੱਚ 102 ਦੇ ਕਰੀਬ ਮੈਂਬਰਾਂ ਦਾ ਵਫ਼ਦ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਭਾਗ ਲੈਣ ਵਾਲੇ ਹਰੇਕ ਦੇਸ਼ ਦੇ ਵਫ਼ਦ ਨਾਲ 2-2 ਤਾਲਮੇਲ ਅਫ਼ਸਰ ਵੀ ਲਗਾਏ ਜਾਣਗੇ।

ਇਹ ਵੀ ਪੜ੍ਹੋ- ਬਠਿੰਡਾ 'ਚ ਨਸ਼ੇੜੀ ਪੁੱਤਾਂ ਤੋਂ ਦੁਖੀ ਹੋ ਮਾਂ ਨੇ ਅਪਣਾਇਆ ਅਜਿਹਾ ਰਾਹ, ਪੁਲਸ ਨੂੰ ਪੈ ਗਈਆਂ ਭਾਜੜਾਂ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੈਲੀਗੇਟ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਤੋਂ ਆਈ ਟੀਮ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਰਹਿਣ-ਸਹਿਣ ਆਦਿ ਸਥਾਨਾਂ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਸੂਦਨ ਨੇ ਦੱਸਿਆ ਕਿ ਜਿੰਨਾਂ ਰਸਤਿਆਂ ਰਾਹੀਂ ਵਫ਼ਦ ਮੈਂਬਰਾਂ ਨੇ ਸ਼ਹਿਰ ਦਾ ਦੌਰਾ ਕਰਨਾ ਹੈ, ਤੇ ਕਾਰਪੇਟਿੰਗ, ਹਾਰਟੀਕਲਚਰ ਅਤੇ ਪੇਟਿੰਗ ਕੰਮ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤਸਰ ਦੇ ਸੁੰਦਰੀਕਰਨ ਕਰਨ ਲਈ ਵਿਕਾਸ ਦੇ ਕੰਮ ਅਵਲ ਦਰਜੇ ਦੇ ਹੋਣਗੇ। ਸੂਦਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆਂ ਭਰ ਦੇ ਨਕਸੇ ਵਿਚ ਸੈਰ ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 15 ਫਰਵਰੀ ਤੱਕ ਸਾਰੇ ਵਿਕਾਸ ਦੇ ਕਾਰਜ ਮੁਕੰਮਲ ਹੋ ਜਾਣੇ ਚਾਹੀਦੇ ਹਨ । ਉਨ੍ਹਾਂ ਦੱਸਿਆ ਕਿ 28 ਫਰਵਰੀ ਤੱਕ ਸਿਰਫ਼ ਉਹੀ ਕੰਮ ਕੀਤੇ ਜਾ ਸਕਣਗੇ ਜੋ ਕਿ ਬਹੁਤ ਹੀ ਮਹੱਤਵਪੂਰਨ ਹੋਣਗੇ ਕਿਉਂਕਿ ਮਾਰਚ ਦੇ ਪਹਿਲੇ ਹਫ਼ਤੇ ਤੋਂ ਹੀ ਕੇਂਦਰ ਤੋਂ ਅਧਿਕਾਰੀਆਂ ਦੀਆਂ ਟੀਮਾਂ ਆਪਣਾ ਦੌਰਾ ਸ਼ੁਰੂ ਕਰ ਦੇਣਾ ਹੈ। ਕਮਿਸ਼ਨਰ ਨਗਰ ਨਿਗਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਖ਼ੁਦ ਜਾ ਕੇ ਸਕੂਲਾਂ ਦਾ ਦੌਰਾ ਕਰਨ ਅਤੇ ਜੇਕਰ ਕੋਈ ਕਮੀ-ਪੇਸ਼ੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਜਿਸ ਨੂੰ ਤੁਰੰਤ ਪੂਰਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਵੱਲੋਂ ਆਰ. ਐੱਸ. ਐੱਸ. ਮੁਖੀ ਨੂੰ ਪੱਤਰ ਲਿਖੇ ਜਾਣ 'ਤੇ ਪ੍ਰੋ. ਸਰਚਾਂਦ ਦੀ ਤਲਖ਼ ਟਿੱਪਣੀ

ਉਨ੍ਹਾਂ ਦੱਸਿਆ ਕਿ ਇਹ ਪੰਜਾਬ ਲਈ ਬੜੇ ਮਾਣ ਦੀ ਗੱਲ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ, ਜਿਸ ਵਿੱਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ। ਇਸ ਵਿਚ ਸਿੱਖਿਆ, ਕਿਰਤ ਅਤੇ ਹੋਰ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਜਿਸਦਾ ਸੂਬੇ ਦੇ ਲੋਕਾਂ ਨੂੰ ਲਾਭ ਪਹੁੰਚੇਗਾ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰਣਬੀਰ ਸਿੰਘ ਮੁੱਧਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਮੈਡਮ ਅਮਨਦੀਪ ਕੌਰ, ਮੁੱਖ ਪ੍ਰਸਾਸ਼ਕ ਪੁੱਡਾ ਰਜਤ ਓਬਰਾਏ, ਐਸ. ਡੀ. ਐਮ ਅੰਮ੍ਰਿਤਸਰ-2 ਹਰਪ੍ਰੀਤ ਸਿੰਘ, ਐਸ. ਡੀ. ਐਮ ਅੰਮ੍ਰਿਤਸਰ-1 ਮਨਕੰਵਲ ਚਾਹਲ, ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ ਢਿੱਲੋਂ, ਪੀ. ਸੀ. ਐਸ ਅਧਿਕਾਰੀ ਸਚਿਨ ਪਾਠਕ ਅਤੇ ਗੁਰਸਿਮਰਨ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News