ਗੁਰਦਾਸਪੁਰ ’ਚ ਅੱਜ ਵੀ ਪੂਰਾ ਦਿਨ ਛਾਈ ਰਹੀ ਸੰਘਣੀ ਧੁੰਦ, ਨਵੇਂ ਸਾਲ ਵਾਲੇ ਦਿਨ ਹੋ ਸਕਦੀ ਬਾਰਿਸ਼
Monday, Dec 29, 2025 - 01:33 PM (IST)
ਗੁਰਦਾਸਪੁਰ(ਹਰਮਨ)- ਉੱਤਰੀ ਭਾਰਤ ਵਿੱਚ ਪੈ ਰਹੀ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦਾ ਦੌਰ ਲਗਾਤਾਰ ਜਾਰੀ ਹੈ, ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਇਸ ਤਹਿਤ ਅੱਜ ਗੁਰਦਾਸਪੁਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਪੂਰਾ ਦਿਨ ਸੰਘਣੀ ਧੁੰਦ ਛਾਈ ਰਹੀ ਅਤੇ ਲੋਕ ਸੂਰਜ ਦੇਵਤਾ ਦੇ ਦਰਸ਼ਨਾਂ ਤੋਂ ਵਾਂਝੇ ਰਹੇ।
ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ
ਸਾਰਾ ਦਿਨ ਠੰਡ ਤੇ ਸ਼ੀਤ ਲਹਿਰ ਨਾਲ ਜੂਝਦੇ ਰਹੇ ਲੋਕ
ਸੰਘਣੀ ਧੁੰਦ ਕਾਰਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੌਸਮ ਵਿੱਚ ਨਮੀ ਅਤੇ ਠੰਡ ਦਾ ਅਸਰ ਬਣਿਆ ਰਿਹਾ। ਦਿਨ ਦਿਹਾੜੇ ਵੀ ਠੰਡ ਮਹਿਸੂਸ ਕੀਤੀ ਗਈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਗੁਰਦਾਸਪੁਰ ਸ਼ਹਿਰ ਵਿੱਚ ਜਿੱਥੇ ਸੂਰਜ ਪੂਰੇ ਦਿਨ ਬੱਦਲਾਂ ਅਤੇ ਧੁੰਦ ਦੀ ਓਟ ਵਿੱਚ ਰਿਹਾ, ਉਥੇ ਹੀ ਜ਼ਿਲ੍ਹੇ ਦੇ ਕੁਝ ਹੋਰ ਖੇਤਰਾਂ, ਖ਼ਾਸ ਕਰਕੇ ਬਟਾਲਾ ਇਲਾਕੇ ਵਿੱਚ ਕੁਝ ਸਮੇਂ ਲਈ ਸੂਰਜ ਦੇ ਦਰਸ਼ਨ ਹੋਏ ਪਰ ਉਹ ਵੀ ਠੰਡ ਦੇ ਅਸਰ ਨੂੰ ਘਟਾਉਣ ਵਿੱਚ ਅਸਰਦਾਰ ਸਾਬਤ ਨਹੀਂ ਹੋਏ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਸੁੱਕੀ ਠੰਡ ਨੇ ਵਧਾਈ ਤਕਲੀਫ਼
ਮੌਸਮ ਵਿਭਾਗ ਮੁਤਾਬਕ ਇਸ ਸਮੇਂ ਇਲਾਕੇ ਵਿੱਚ ਸੁੱਕੀ ਠੰਡ (ਡਰਾਈ ਕੋਲਡ) ਦਾ ਪ੍ਰਭਾਵ ਵੱਧ ਰਿਹਾ ਹੈ। ਨਾ ਤਾਂ ਮੀਂਹ ਪੈ ਰਿਹਾ ਹੈ ਅਤੇ ਨਾ ਹੀ ਹਵਾ ਵਿੱਚ ਵੱਡੀ ਹਲਚਲ ਹੈ, ਜਿਸ ਕਾਰਨ ਠੰਡ ਹੋਰ ਜ਼ਿਆਦਾ ਮਹਿਸੂਸ ਹੋ ਰਹੀ ਹੈ। ਸੁੱਕੀ ਠੰਡ ਕਾਰਨ ਚਮੜੀ, ਅੱਖਾਂ ਅਤੇ ਸਾਹ ਸੰਬੰਧੀ ਸਮੱਸਿਆਵਾਂ ਵਿੱਚ ਵੀ ਵਾਧਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਹਵਾ ਦੀ ਗੁਣਵੱਤਾ ’ਤੇ ਵੀ ਪਿਆ ਮਾੜਾ ਅਸਰ
ਮੌਸਮ ਸਾਫ਼ ਨਾ ਹੋਣ ਅਤੇ ਬਾਰਿਸ਼ ਨਾ ਪੈਣ ਕਾਰਨ ਹਵਾ ਵਿੱਚ ਪ੍ਰਦੂਸ਼ਣ ਦੇ ਕਣ ਠਹਿਰ ਗਏ ਹਨ। ਇਸ ਕਾਰਨ ਗੁਰਦਾਸਪੁਰ ਖੇਤਰ ਵਿੱਚ ਅੱਜ ਹਵਾ ਦਾ ਗੁਣਵੱਤਾ ਸੂਚਕ ਅੰਕ (AQI) 167 ਤੱਕ ਦਰਜ ਕੀਤਾ ਗਿਆ, ਜੋ ਕਿ “ਮੱਧਮ ਤੋਂ ਖਰਾਬ” ਸ਼੍ਰੇਣੀ ਵਿੱਚ ਆਉਂਦਾ ਹੈ। ਮਾਹਿਰਾਂ ਅਨੁਸਾਰ ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਬਜ਼ੁਰਗਾਂ, ਬੱਚਿਆਂ ਅਤੇ ਸਾਹ ਦੀ ਬੀਮਾਰੀ ਵਾਲੇ ਲੋਕਾਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ।
ਫ਼ਸਲਾਂ ਉੱਪਰ ਵੀ ਪੈ ਰਿਹਾ ਠੰਡ ਦਾ ਅਸਰ
ਖੇਤੀਬਾੜੀ ਮਾਹਿਰਾਂ ਮੁਤਾਬਕ ਲਗਾਤਾਰ ਧੁੰਦ, ਕੋਹਰਾ ਤੇ ਤਾਪਮਾਨ ਵਿੱਚ ਆ ਰਹੀ ਗਿਰਾਵਟ ਦਾ ਅਸਰ ਫ਼ਸਲਾਂ ਉੱਪਰ ਵੀ ਪੈਣਾ ਸ਼ੁਰੂ ਹੋ ਗਿਆ ਹੈ। ਖ਼ਾਸ ਕਰਕੇ ਗੰਨਾ, ਸਰੋਂ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੋਹਰੇ ਤੋਂ ਨੁਕਸਾਨ ਪਹੁੰਚਣ ਦਾ ਖਤਰਾ ਬਣਿਆ ਹੋਇਆ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫ਼ਸਲਾਂ ਨੂੰ ਸਮੇਂ-ਸਮੇਂ ’ਤੇ ਹਲਕਾ ਪਾਣੀ ਦਿੱਤਾ ਜਾਵੇ, ਕੋਹਰੇ ਤੋਂ ਬਚਾਅ ਲਈ ਰਾਤ ਸਮੇਂ ਸਿੰਚਾਈ ਕੀਤੀ ਜਾਵੇ ਅਤੇ ਮੌਸਮ ਦੀ ਨਿਗਰਾਨੀ ਲਗਾਤਾਰ ਕੀਤੀ ਜਾਵੇ।
ਅਗਲੇ ਕੁਝ ਦਿਨ ਵੀ ਰਾਹਤ ਦੇ ਅਸਾਰ ਘੱਟ
ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਧੁੰਦ ਅਤੇ ਠੰਡ ਦਾ ਇਹ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਵਿੱਚ ਵੱਡੀ ਵਾਧਾ ਹੋਣ ਦੇ ਕੋਈ ਤੁਰੰਤ ਸੰਕੇਤ ਨਹੀਂ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਵੇਰੇ ਅਤੇ ਦੇਰ ਸ਼ਾਮ ਸਮੇਂ ਬਿਨਾਂ ਲੋੜ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਠੰਡ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
