ਡੇਂਗੂ ਦਾ ਕਹਿਰ, ਬੀਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਵਿੱਢੀ ਮੁਹਿੰਮ

10/18/2018 5:37:07 AM

 ਰਈਆ,  (ਹਰਜੀਪ੍ਰੀਤ, ਦਿਨੇਸ਼)-  ਕਸਬੇ ’ਚ ਡੇਂਗੂ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਰੱਖਿਆ ਹੈ ਤੇ ਇਸ ਨਾਲ ਲੋਕਾਂ ’ਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਿਹਤ ਵਿਭਾਗ ਵੱਲੋਂ ਉਠਾਏ ਕਦਮ ਵੀ ਕਾਰਗਰ ਸਾਬਿਤ ਨਹੀਂ ਹੋ ਰਹੇ। ਸਿਵਲ ਸਰਜਨ ਅੰਮ੍ਰਿਤਸਰ ਡਾ. ਹਰਦੀਪ ਸਿੰਘ ਘਈ ਦੇ ਨਿਰਦੇਸ਼ਾਂ ’ਤੇ ਜ਼ਿਲਾ ਮਲੇਰੀਆ ਅਫਸਰ ਡਾ. ਮਦਨ ਮੋਹਨ ਤੇ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਚਾਹਲ ਦੀ ਅਗਵਾਈ ’ਚ ਕਸਬਾ ਰਈਆ ਵਿਖੇ ਅੰਮ੍ਰਿਤਸਰ ਤੋਂ ਆਈਆਂ ਟੀਮਾਂ ਵੱਲੋਂ ਫੌਗਿੰਗ ਤੇ ਮੱਛਰਮਾਰ ਦਵਾਈਆਂ ਦਾ ਛਿਡ਼ਕਾਅ ਕੀਤਾ ਗਿਆ। ਇਸ ਮੌਕੇ ਡਾ. ਲਖਵਿੰਦਰ ਸਿੰਘ ਚਾਹਲ ਤੇ ਮਲੇਰੀਆ ਅਫਸਰ ਡਾ. ਮਦਨ ਮੋਹਨ ਨੇ ਕਿਹਾ ਕਿ ਹੁਣ ਮੌਸਮ ’ਚ ਆਈ ਤਬਦੀਲੀ ਕਾਰਨ ਡੇਂਗੂ ਦਾ ਪ੍ਰਕੋਪ ਘੱਟ ਹੋ ਜਾਵੇਗਾ।
 ਉਨ੍ਹਾਂ ਕਿਹਾ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਖਡ਼੍ਹਾ ਨਾ ਹੋਣ ਦਿੱਤਾ ਜਾਵੇ, ਪੂਰੀ ਬਾਂਹ ਵਾਲੇ ਕੱਪਡ਼ੇ ਪਾਏ ਜਾਣ, ਕੂਲਰਾਂ ਆਦਿ ਦੀ ਸਫਾਈ ਰੱਖੀ ਜਾਵੇ, ਜੇ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਉਹ ਜਲਦੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਜਾ ਕੇ ਸੰਪਰਕ ਕਰੇ ਤੇ ਟੈਸਟ ਕਰਵਾ ਕੇ ਆਪਣਾ ਇਲਾਜ ਕਰਵਾਏ। ਇਸ ਮੌਕੇ ਗੁਰਦੇਵ ਸਿੰਘ, ਜਗਤਾਰ ਸਿੰਘ, ਨਵਦੀਪ ਸਿੰਘ ਚੀਮਾ, ਸੁਖਵੰਤ ਸਿੰਘ ਬੱਲ, ਯਾਦਵਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।
 


Related News