ਜ਼ਿਲਾ ਸਿੱਖਿਆ ਅਫਸਰ ਦਫਤਰ ਅੱਗੇ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ

09/14/2019 12:32:39 AM

ਤਰਨਤਾਰਨ, (ਆਹਲੂਵਾਲੀਆ)- ਜ਼ਿਲਾ ਤਰਨਤਾਰਨ ’ਚ ਬਦਲੀ ਹੋਏ ਸਮੂਹ ਪ੍ਰਾਇਮਰੀ ਕੇਡਰ, ਮਾ. ਕੇਡਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਜ਼ਿਲਾ ਸਿੱਖਿਆ ਅਫਸਰ ਤਰਨਤਾਰਨ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਈ. ਟੀ. ਟੀ. ਯੂਨੀਅਨ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਹੁੰਚ ਕੇ ਦਿੱਤਾ। ਉਪਰੰਤ ਮੰਗ-ਪੱਤਰ ਡੀ. ਈ. ਓ. (ਐ. ਸਿ.) ਕੰਵਲਜੀਤ ਸਿੰਘ ਨੂੰ ਸੌਂਪਿਆ। ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਫਾਰਗ ਕਰਨ ਸਬੰਧੀ ਉਨ੍ਹਾਂ ਵੱਲੋਂ ਸੌਂਪਿਆ ਮੰਗ-ਪੱਤਰ ਉੱਚ ਅਧਿਕਾਰੀਆਂ ਨੂੰ ਜਲਦੀ ਭੇਜ ਦਿੱਤਾ ਜਾਵੇਗਾ ਤੇ ਉਹ ਆਪਣਾ ਪੂਰਨ ਸਹਿਯੋਗ ਇਸ ਬਾਰੇ ਦੇਣਗੇ।

ਇਸ ਮੌਕੇ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਫਾਜ਼ਿਲਕਾ, ਬਲਜਿੰਦਰ ਸਿੰਘ ਲਾਡੀ, ਅਸ਼ੀਸ਼ ਕੁਮਾਰ ਪੱਖੋਪੁਰ, ਬਲਜਿੰਦਰ ਸਿੰਘ ਧੁੰਨਾ, ਮੁਕੇਸ਼ ਆਦਿ ਨੇ ਸਿੱਖਿਆ ਵਿਭਾਗ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਟਰਾਂਸਫਰ ਨੀਤੀ ਮੁਤਾਬਕ ਜ਼ਿਲਾ ਤਰਨਤਾਰਨ ’ਚੋਂ ਇਨ੍ਹਾਂ ਅਧਿਆਪਕਾਂ ਦੀ ਬਦਲੀ ਆਪੋਂ-ਆਪਣੇ ਪਿਤਰੀ ਜ਼ਿਲਿਆਂ ’ਚ ਹੋ ਚੁੱਕੀ ਹੈ ਪਰ ਸਿੱਖਿਆ ਵਿਭਾਗ ਅਤੇ ਜ਼ਿਲਾ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ, ਜਿਸ ਕਰ ਕੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਜੇਕਰ ਅਧਿਆਪਕਾਂ ਨੂੰ ਤੁਰੰਤ ਰਿਲੀਵ ਨਹੀਂ ਕੀਤਾ ਗਿਆ ਤਾਂ ਉਹ ਇਸ ਸਬੰਧ ’ਚ ਸੂੁਬਾ ਪੱਧਰੀ ਤਿੱਖਾ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ।


Bharat Thapa

Content Editor

Related News