‘ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫਾਫੇ ’ਚੋਂ ਨਿਕਲਦੈ’

04/01/2021 5:24:13 PM

ਅੰਮ੍ਰਿਤਸਰ (ਅਨਜਾਣ)-ਬਿਜਲੀ ਦੀਆਂ ਵਧਦੀਆਂ ਦਰਾਂ ਸਬੰਧੀ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾੜ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ। ਜਨਰਲ ਸਕੱਤਰ ਪੰਜਾਬ ਅਸ਼ੋਕ ਤਲਵਾੜ, ਐਡਵੋਕੇਟ ਪ੍ਰਮਿੰਦਰ ਸਿੰਘ ਸੇਠੀ, ਜ਼ਿਲ੍ਹਾ ਦਿਹਾਤੀ ਦੇ ਨਰੇਸ਼ ਪਾਠਕ ਤੇ ਰੇਹੜੀ-ਫੜ੍ਹੀ ਯੂਨੀਅਨ ਦੇ ਪ੍ਰਧਾਨ ਤੇ ਹਲਕਾ ਪੱਛਮੀ ਤੋਂ ਸੀਨੀਅਰ ਨੇਤਾ ਡਾ. ਇੰਦਰਪਾਲ ਸਿੰਘ ਨੇ ਸਾਂਝੇ ਬਿਆਨ ’ਚ ਕਿਹਾ ਕਿ ਜੇਕਰ ਦਿੱਲੀ ’ਚ ਕੇਜਰੀਵਾਲ ਸਰਕਾਰ 2 ਰੁਪਏ ਯੂਨਿਟ ਬਿਜਲੀ ਨਾਲ 200 ਯੂਨਿਟ ਫ੍ਰੀ ਦੇ ਰਹੀ ਹੈ, ਹਰਿਆਣਾ ’ਚ ਵੀ 2 ਰੁਪਏ ਯੂਨਿਟ ਹੈ ਤਾਂ ਪੰਜਾਬ ’ਚ ਕੈਪਟਨ ਸਰਕਾਰ 10 ਰੁਪਏ ਯੂਨਿਟ ਬਿਜਲੀ ਕਿਉਂ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ’ਚ ਜੋ ਵਿਅਕਤੀ 300 ਯੂਨਿਟ ਬਿਜਲੀ ਬਾਲਦਾ ਹੈ ਤਾਂ ਉਸ ਦਾ ਬਿੱਲ 200 ਰੁਪਏ ਆਉਂਦਾ ਹੈ ਪਰ ਪੰਜਾਬ ’ਚ 300 ਯੂਨਿਟ ਬਾਲਣ ਵਾਲੇ ਦਾ ਬਿੱਲ 3000 ਰੁਪਏ ਕਿਉਂ ਆਉਂਦਾ ਹੈ। ਜਦੋਂ ਕੈਪਟਨ ਸਰਕਾਰ ਨਹੀਂ ਸੀ ਤਾਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਅਕਾਲੀ-ਭਾਜਪਾ ਨੇ ਈ. ਐੱਮ. ਓ. ਲਿਆ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਰਾਹੀਂ ਬਿਜਲੀ ਮਹਿੰਗੀ ਦਿੱਤੀ, ਉਹ ਪੰਜਾਬ ’ਚ ਨਹੀਂ ਰਹਿਣਗੀਆਂ। ਪੰਜਾਬ ਦੀ ਬਿਜਲੀ ਸਸਤੀ ਹੋਵੇਗੀ ਪਰ ਹੁਣ ਕੈਪਟਨ ਸਰਕਾਰ ਵਾਅਦਾ ਕਿਉਂ ਭੁੱਲ ਗਈ, ਹਾਲਾਂਕਿ ਪੰਜਾਬ ਬਿਜਲੀ ਖੁਦ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ 7 ਅਪ੍ਰੈਲ ਤੋਂ ਬਾਅਦ ਆਮ ਆਦਮੀ ਪਾਰਟੀ ਲੋਕਾਂ ’ਚ ਜਾਗਰੂਕਤਾ ਲਿਆਏਗੀ ਤੇ ਉਨ੍ਹਾਂ ਨੂੰ ਬਿੱਲ ਨਾ ਦੇਣ ਲਈ ਕਹੇਗੀ। ਜੇਕਰ ਕੈਪਟਨ ਸਰਕਾਰ ਨੇ ਬਿਜਲੀ ਸਸਤੀ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਇਕ ਵੱਡਾ ਅੰਦੋਲਨ ਛੇੜੇਗੀ।

ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਆਮ ਆਦਮੀ ਪਾਰਟੀ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਡੀ-ਰੈਕੋਗਨਾਈਜ਼ਡ ਕਰਨ ਦਾ ਦੋਸ਼ ਲਾਉਂਦੇ ਨੇ ਤਾਂ ਉਹ ਸੁਣ ਲੈਣ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਕ ਸਿਆਸੀ ਪਾਰਟੀ ਹੈ ਤੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਹਿੱਸਾ ਨਹੀਂ ਲੈ ਸਕਦੀ ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਾਦਲਾਂ ਦੇ ਲਿਫਾਫੇ ’ਚੋਂ ਨਿਕਲਦਾ ਹੈ।

 


Anuradha

Content Editor

Related News