ਨਾਜਾਇਜ਼ ਪਰਚੇ ਨੂੰ ਲੈ ਕੇ ਅਕਾਲੀ ਆਗੂਆਂ ਦੇ ਵਫ਼ਦ ਨੇ ਐੱਸ. ਐੱਸ. ਪੀ. ਨਾਲ ਕੀਤੀ ਮੁਲਾਕਾਤ

03/29/2018 11:35:13 AM


ਬਟਾਲਾ (ਮਠਾਰੂ) – ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਨਾਥਪੁਰ ਦੇ ਅਕਾਲੀ ਸਰਪੰਚ ਮਲਕੀਤ ਸਿੰਘ ਅਤੇ ਹੋਰ ਅਕਾਲੀ ਆਗੂਆਂ ਤੇ ਵਰਕਰਾਂ ਖਿਲਾਫ਼ ਥਾਣਾ ਕਾਦੀਆਂ ਦੀ ਪੁਲਸ ਵੱਲੋਂ ਦਰਜ ਕੀਤੇ ਨਾਜਾਇਜ਼ ਪਰਚਿਆਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ  ਇਕ ਵਫਦ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਨੂੰ ਮਿਲਿਆ। ਇਸ ਵਫਦ ਦੀ ਅਗਵਾਈ ਹਲਕੇ ਦੇ ਨੌਜਵਾਨ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਚੇਅਰਮੈਨ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਕੀਤੀ ਗਈ।
ਇਸ ਮੌਕੇ ਅਕਾਲੀ ਨੇਤਾ ਕੰਵਲਪ੍ਰੀਤ ਸਿੰਘ ਕਾਕੀ, ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਅਕਾਲੀ ਦਲ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਚਾਹਲ, ਸਰਕਲ ਪ੍ਰਧਾਨ ਕੁਲਬੀਰ ਸਿੰਘ ਰਿਆੜ ਆਦਿ ਹੋਰ ਕਈ ਆਗੂਆਂ ਨੇ ਦੱਸਿਆ ਕਿ ਥਾਣਾ ਕਾਦੀਆਂ ਵਿਚ ਪਿੰਡ ਨਾਥਪੁਰ ਦੇ ਸਰਪੰਚ ਮਲਕੀਤ ਸਿੰਘ ਅਤੇ ਹਲਕੇ ਦੇ ਹੋਰਨਾਂ ਪਿੰਡਾਂ ਦੇ ਅੰਦਰ ਪੁਲਸ ਵੱਲੋਂ ਅਕਾਲੀ ਆਗੂਆਂ ਤੇ ਵਰਕਰਾਂ ਖਿਲਾਫ਼ ਝੂਠੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਕਰ ਕੇ ਇਨਸਾਫ਼ ਦੀ ਮੰਗ ਕਰਦਿਆਂ 30 ਨੂੰ ਥਾਣਾ ਕਾਦੀਆਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ ਪਰ ਐੱਸ. ਐੱਸ. ਪੀ. ਘੁੰਮਣ ਵੱਲੋਂ ਪਰਚੇ ਦੀ ਜਾਂਚ ਕਰ ਕੇ ਝੂਠੇ ਪਰਚੇ ਨੂੰ ਖਾਰਜ ਕਰਨ ਦੇ ਦਿੱਤੇ ਗਏ ਪਰੋਸੇ ਤੋਂ ਬਾਅਦ ਫਿਲਹਾਲ ਥਾਣੇ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। 
ਇਸ ਦੌਰਾਨ ਐੱਸ. ਐੱਸ. ਪੀ. ਘੁੰਮਣ ਨੇ ਅਕਾਲੀ ਆਗੂਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੂਰੀ ਪਾਰਦਰਸ਼ਤਾ ਨਾਲ ਮਾਮਲੇ ਦੀ ਜਾਂਚ ਕਰ ਕੇ ਇਨਸਾਫ਼ ਦਿੱਤਾ ਜਾਵੇਗਾ ਜਦਕਿ ਇਹ ਕੇਸ ਐੱਸ. ਪੀ. ਵਰੁਣ ਸ਼ਰਮਾ ਨੂੰ ਸੌਂਪ ਦਿੱਤਾ ਗਿਆ ਹੈ।


Related News