ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੇਪਾਲ ਤੋਂ ਆਏ ਵਫਦ ਮੈਂਬਰ ਹੋਏ ਨਤਮਸਤਕ

Monday, Feb 03, 2025 - 01:05 AM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੇਪਾਲ ਤੋਂ ਆਏ ਵਫਦ ਮੈਂਬਰ ਹੋਏ ਨਤਮਸਤਕ

ਅੰਮ੍ਰਿਤਸਰ, (ਸਰਬਜੀਤ)- ਭਾਰਤ ਸਰਕਾਰ ਦੇ ਸੱਦੇ ਤੇ ਤਿੰਨ ਦਿਨਾਂ ਦੌਰੇ 'ਤੇ ਪੁੱਜੇ ਨੇਪਾਲ ਦੀ ਫੋਰਸ ਦੇ 24 ਮੈਂਬਰੀ ਵਫਦ ਮੈਂਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਹ ਵਫਦ ਨੇਪਾਲ ਆਰਮਡ ਪੁਲਿਸ ਫੋਰਸ ਦੇ ਡੀਆਈਜੀ ਅੰਜਨੀ ਕੁਮਾਰ ਪੋਖਰਿਆਲ ਦੀ ਅਗਵਾਈ ਵਿੱਚ ਬੀਐੱਸਐੱਫ ਅੰਮ੍ਰਿਤਸਰ ਸੈਕਟਰ ਦੇ ਅਧਿਕਾਰੀਆਂ ਨਾਲ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਪੁੱਜਾ। 

ਇਸ ਵਫਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦਿਆਂ ਵੱਖ-ਵੱਖ ਸਥਾਨਾਂ ਤੇ ਦਰਸ਼ਨ ਦੀਦਾਰੇ ਕਰਨ ਉਪਰੰਤ ਸੱਚਖੰਡ ਵਿਖੇ ਦਰਸ਼ਨ ਦੌਰਾਨ ਗੁਰਬਾਣੀ ਦਾ ਕੀਰਤਨ ਵੀ ਸੁਣਿਆ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋਏ। 

ਨੇਪਾਲ ਵਫਦ ਦੀ ਅਗਵਾਈ ਕਰ ਰਹੇ ਡੀਆਈਜੀ ਅੰਜਨੀ ਕੁਮਾਰ ਨੇ ਦੱਸਿਆ ਕਿ ਨੇਪਾਲ ਫੋਰਸਿਜ ਦਾ ਸਬੰਧ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੈ ਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆਣ ਕੇ ਬਹੁਤ ਹੀ ਸਕੂਨ ਮਿਲਿਆ ਹੈ। ਨੇਪਾਲ ਦੇ ਵਫਦ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਯਾਦਗਾਰੀ ਤਸਵੀਰ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ। 

ਇਸ ਦੌਰਾਨ ਨੇਪਾਲ ਦੇ ਡੀਆਈਜੀ ਅੰਜਨੀ ਕੁਮਾਰ ਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਨਮਾਨ ਵਜੋਂ ਉਨ੍ਹਾਂ ਲਈ ਨੇਪਾਲ ਆਰਮਡ ਪੁਲਸ ਫੋਰਸ ਦਾ ਯਾਦਗਾਰੀ ਚਿੰਨ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪਿਆ। ਇਸ ਮੌਕੇ ਮੈਨੇਜਰ ਸ. ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਰਣਧੀਰ ਸਿੰਘ ਤੇ ਸ. ਸਰਬਜੀਤ ਸਿੰਘ ਵੀ ਹਾਜ਼ਰ ਸਨ।


author

Rakesh

Content Editor

Related News