ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਡੇਰਾ ਬਾਬਾ ਨਾਨਕ ਤੇ ਕਲਾਨੌਰ ਵਿਖੇ ਜਾ ਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

Sunday, Oct 20, 2024 - 12:29 PM (IST)

ਗੁਰਦਾਸਪੁਰ (ਹਰਮਨ)-ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਅਤੇ ਲਿਫ਼ਟਿੰਗ ਲਈ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ। ਜ਼ਿਲ੍ਹੇ ਦੇ ਵੱਖ-ਵੱਖ ਪੱਧਰ ਦੇ ਅਧਿਕਾਰੀ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਨਿਰਵਿਘਨ ਖ਼ਰੀਦ ਤੇ ਲਿਫ਼ਟਿੰਗ ਨੂੰ ਯਕੀਨੀ ਬਣਾ ਰਹੇ ਹਨ। ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਲੋਂ ਅੱਜ ਡੇਰਾ ਬਾਬਾ ਨਾਨਕ ਤੇ ਕਲਾਨੌਰ ਦੀਆਂ ਦਾਣਾ ਮੰਡੀਆਂ ’ਚ ਜਾ ਕੇ ਝੋਨੇ ਦੀ ਚੱਲ ਰਹੀ ਖਰੀਦ ਤੇ ਚੁਕਾਈ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ

ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਜ਼ਿਲ੍ਹੇ ਦੀ ਹਰੇਕ ਮੰਡੀ ਦੀ ਸੁਪਰਵਿਜ਼ਨ ਕਰਨ ਅਤੇ ਲੋੜੀਂਦੇ ਪ੍ਰਬੰਧਾਂ ਲਈ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਝੋਨੇ ਦੀ ਖ਼ਰੀਦ ਨਿਰਵਿਘਨ ਢੰਗ ਨਾਲ ਕਰਵਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ-ਜਿਵੇਂ ਮੰਡੀਆਂ ’ਚ ਝੋਨੇ ਦੀ ਆਮਦ ਹੋਵੇਗੀ ਉਸੇ ਤੇਜ਼ੀ ਨਾਲ ਲਿਫ਼ਟਿੰਗ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸ਼ੈਲਰ ਮਾਲਕਾਂ ਵਲੋਂ ਵੀ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਝੋਨੇ ਦੀ ਲਿਫਟਿੰਗ ਕਰਵਾਈ ਦਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੰਡੀ ’ਚ ਆਈ ਜਿਣਸ ਦੀ ਨਾਲੋਂ ਨਾਲ ਖ਼ਰੀਦ ਲਈ ਇਹ ਜ਼ਰੂਰੀ ਹੈ ਕਿ ਝੋਨਾ ਵਿਚ ਨਮੀ ਦੀ ਮਾਤਰਾ ਸਹੀ ਹੋਵੇ, ਇਸ ਲਈ ਕਿਸਾਨ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿਚ ਬੈਠਣਾ ਨਾ ਪਵੇ।

ਇਹ ਵੀ ਪੜ੍ਹੋ- ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦ ਕੀਤੇ ਝੋਨੇ ਦੀ ਕਿਸਾਨਾਂ ਨੂੰ 97 ਕਰੋੜ 47 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਬੀਤੇ ਦਿਨ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 62787 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 56834 ਮੀਟਰਿਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ। ਪਨਗਰੇਨ ਵਲੋਂ 20822 ਮੀਟਰਕ ਟਨ, ਮਾਰਕਫੈੱਡ ਵਲੋਂ 13711 ਮੀਟਰਕ ਟਨ, ਪਨਸਪ ਵਲੋਂ 16323 ਮੀਟਰਕ ਟਨ , ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 5978 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ। ਮੰਡੀਆਂ ਵਿਚ ਕਰੀਬ 38 ਫੀਸਦ ਫਸਲ ਦੀ ਚੁਕਾਈ ਕੀਤੀ ਜਾ ਚੁੱਕੀ ਹੈ। ਇਸ ਮੌਕੇ ਸੁਖਜਿੰਦਰ ਸਿੰਘ, ਡੀ. ਐੱਫ. ਐੱਸ. ਸੀ. ਗੁਰਦਾਸਪੁਰ, ਖਰੀਦ ਏਜੰਸੀਆਂ ਦੇ ਨੁਮਾਇਂਦੇ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News