DC ਉਮਾ ਸ਼ੰਕਰ ਗੁਪਤਾ ਵਲੋਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਵਰਤਣ ਦੀ ਅਪੀਲ
Saturday, Oct 05, 2024 - 05:20 PM (IST)
ਗੁਰਦਾਸਪੁਰ (ਹਰਮਨ)- ਅੱਜ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ, ਕਲਾਨੌਰ ਦੇ ਸਰਹੱਦੀ ਪਿੰਡਾਂ ਭਿਖਾਰੀਵਾਲ ਤੇ ਦੋਸਤਪੁਰ ਵਿਖੇ ਪਰਾਲੀ ਨਾ ਸਾੜਨ ਦੀ ਅਪੀਲ ਕਰਨ ਅਤੇ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਤਾਂ ਉਨ੍ਹਾਂ ਖੁਦ ਟਰੈਕਟਰ 'ਤੇ ਬੈਠ ਕੇ ਖੇਤ ਵਿੱਚੋਂ ਬੇਲਰ ਰਾਹੀਂ ਪਰਾਲੀ ਦੀਆਂ ਗੱਠਾਂ ਬਣਵਾਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਐੱਸ.ਪੀ. ਗੁਰਦਾਸਪੁਰ, ਸ੍ਰੀ ਹਰੀਸ਼ ਦਾਯਮਾ ਵੀ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਅਤੇ ਐੱਸ.ਐੱਸ.ਪੀ ਗੁਰਦਾਸਪੁਰ ਵਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਿਸਾਨ ਰਾਜਵਿੰਦਰ ਸਿੰਘ, ਵਾਸੀ ਸ਼ਹੂਰ ਦੇ ਖੇਤ ਵਿੱਚ ਬੇਲਰ ਰਾਹੀਂ ਪਰਾਲੀ ਦੀਆਂ ਗੱਠਾਂ ਬਣਵਾਈਆਂ ਗਈਆਂ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਦੀ ਸੰਭਾਲ ਲਈ ਕਰੀਬ 5000 ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ ਅਤੇ ਪ੍ਰਸ਼ਾਸਨ ਦੀਆਂ ਸਿਵਲ ਤੇ ਪੁਲਸ ਦੀਆਂ ਸਾਂਝੀਆਂ ਟੀਮਾਂ ਵਲੋਂ ਪਿੰਡਾਂ ਜਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲੀ ਨਾ ਸਾੜਨ ਅਤੇ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
ਇਹ ਵੀ ਪੜ੍ਹੋ- ਸੜਕ ਹਾਦਸੇ ਪੁਆਏ ਵੈਣ, ਦੋ ਧੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦ ਸਾਡੇ ਕੋਲ ਪਰਾਲੀ ਪ੍ਰਬੰਧਨ ਲਈ ਤਕਨੀਕਾਂ ਮੌਜੂਦ ਹਨ ਤਾਂ ਸਾਨੂੰ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨਾਲ ਜਿਥੇ ਵਾਤਾਵਰਣ ਪਲੀਤ ਹੋਣ ਤੋਂ ਬਚਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਖਾਦਾਂ ਦੀ ਵਰਤੋਂ 'ਚ ਵੀ ਕਮੀ ਆਉਂਦੀ ਹੈ ਅਤੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਬੇਲਰ, ਸੁਪਰ ਸੀਡਰ, ਚੋਪਰ, ਸੁਪਰ ਐੱਸ.ਐੱਮ.ਐੱਸ ਤੇ ਹੈਪੀ ਸੀਡਰ ਵਰਗੀ ਮਸ਼ੀਨਰੀ ਉਪਲਬਧ ਹੈ ਤੇ ਕਿਸਾਨ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਨਾਲ ਕਰਨ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਅਪਡੇਟ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ, ਮਸ਼ੀਨਰੀ ਦੀ ਬੁਕਿੰਗ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ 'ਉੱਨਤ ਕਿਸਾਨ' ਐਪ ਦੀ ਵਰਤੋਂ ਕਰਨ। 'ਉੱਨਤ ਕਿਸਾਨ' ਐਪ 'ਤੇ ਜ਼ਿਲ੍ਹੇ ਦੀਆਂ ਸੀ.ਆਰ.ਐੱਮ. ਮਸ਼ੀਨਾਂ ਨੂੰ ਮੈਪ ਕੀਤਾ ਗਿਆ ਹੈ ਅਤੇ ਕਿਸਾਨ ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਆਪਣੇ ਆਸ-ਪਾਸ ਉਪਲਬਧ ਮਸ਼ੀਨ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਸ਼ੀਨਾਂ ਦੀ ਬੁਕਿੰਗ ਪ੍ਰਕਿਰਿਆ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਨੋਡਲ ਅਫ਼ਸਰ ਤੇ ਵਿਲੇਜ਼ ਲੈਵਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਪਰਾਲੀ ਦੇ ਪ੍ਰਬੰਧਨ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਨੇੜਲੇ ਖੇਤੀਬਾੜੀ ਵਿਭਾਗ ਜਾਂ ਐੱਸਡੀਐੱਮ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰਬਰ 1800-180-1852 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8