ਕੂੜਾ ਪ੍ਰਬੰਧਨ ਬਾਰੇ ਚੱਲ ਰਹੇ ਕੇਸ ਦਾ ਮਾਮਲਾ: ਡੀ. ਸੀ. ਤੇ ਵਿਭਾਗ ਦੇ ਸਕੱਤਰ ਨੂੰ 1-1 ਲੱਖ ਰੁਪਏ ਜੁਰਮਾਨਾ
Monday, Dec 11, 2023 - 12:37 PM (IST)
ਗੁਰਦਾਸਪੁਰ (ਹਰਮਨ, ਵਿਨੋਦ, ਹਰਜਿੰਦਰ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਟੈਕਨੋਲਜੀ ਅਤੇ ਵਾਤਾਵਰਨ ਵਿਭਾਗ ਦੇ ਸੈਕਟਰੀ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਨਾਲ ਸਬੰਧਤ ਚੱਲ ਰਹੇ ਇਕ ਮਾਮਲੇ ’ਚ ਪੇਸ਼ ਨਾ ਹੋਣ ਕਾਰਨ ਇਕ-ਇਕ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਉਕਤ ਮਾਮਲਾ ਦੀਨਾਨਗਰ ਨਾਲ ਸਬੰਧਤ ਸੁਨੀਲ ਦੱਤ ਨਾਂ ਦੇ ਵਿਅਕਤੀ ਵੱਲੋਂ ਦੀਨਾਨਗਰ ਨਗਰ ਕੌਂਸਲ ਖ਼ਿਲਾਫ਼ ਦੀਨਾਨਗਰ ਸ਼ਹਿਰ ਵਿਚ ਕੂੜਾ ਦੇ ਪ੍ਰਬੰਧਨ ਨੂੰ ਲੈ ਕੇ ਪਾਈ ਗਈ ਇਕ ਪਟੀਸ਼ਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ- ਕੰਦੋਵਾਲੀ ’ਚ ਅਨੋਖੀ ਚੋਰੀ: ਮਾਮੇ ਨੇ ਭਣੇਵਿਆਂ ’ਤੇ ਮਾਂ ਦੇ ਫੁੱਲ ਚੋਰੀ ਕਰਨ ਦੇ ਲਾਏ ਇਲਜ਼ਾਮ
ਜਾਣਕਾਰੀ ਅਨੁਸਾਰ ਸੁਨੀਲ ਦੱਤ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਕੱਤਰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਸਨ ਅਤੇ ਇਕ ਸੰਯੁਕਤ ਕਮੇਟੀ ਗਠਤ ਕਰ ਕੇ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਤੱਥਾਂ ਅਤੇ ਸਥਿਤੀ ਦੀ ਪੁਸ਼ਟੀ ਕਰ ਕੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਸਾਂਝੀ ਕਮੇਟੀ ਨੂੰ ਦਿੱਤੇ ਸਨ। ਉਕਤ ਸੰਯੁਕਤ ਕਮੇਟੀ ਨੇ 21 ਨਵੰਬਰ 2023 ਨੂੰ ਈਮੇਲ ਰਾਹੀਂ ਆਪਣੀ ਰਿਪੋਰਟ ਟ੍ਰਿਬਿਊਨਲ ਨੂੰ ਭੇਜੀ ਸੀ, ਜਿਸ ਦੇ ਬਾਅਦ ਪੰਜਾਬ ਦੇ ਪ੍ਰਦੂਸ਼ਣ ਵਿਭਾਗ, ਦੀਨਾਨਗਰ ਨਗਰ ਕੌਂਸਲ ਦੀ ਈ. ਓ., ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਦੇ ਸੈਕਟਰੀ ਨੂੰ ਵੀ ਨੋਟਿਸ ਭੇਜੇ ਗਏ ਸਨ। ਪੰਜਾਬ ਸਰਕਾਰ ਦੇ ਸਕੱਤਰ ਵੱਲੋਂ 23 ਨਵੰਬਰ ਨੂੰ ਈਮੇਲ ਰਾਹੀਂ ਇਸਦਾ ਇਕ ਜਵਾਬ ਵੀ ਦਿੱਤਾ ਗਿਆ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਿੰਦਰ ਬੈਨੀਪਾਲ ਐਡਵੋਕੇਟ ਪੇਸ਼ ਹੋਏ।
ਇਹ ਵੀ ਪੜ੍ਹੋ- ਦੁਕਾਨ ਨੂੰ ਲੱਗੀ ਦੇਰ ਰਾਤ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਹੋਇਆ ਸੁਆਹ
ਕਿਰਨ ਮਹਾਜਨ ਕਾਰਜਕਾਰੀ ਅਧਿਕਾਰੀ ਐੱਮ. ਸੀ. ਦੀਨਾਨਗਰ ਵੀ ਵੀਡੀਓ ਕਾਨਫਰੰਸ ਰਾਹੀਂ ਟ੍ਰਿਬਿਊਨਲ ਅੱਗੇ ਪੇਸ਼ ਹੋਈ ਪਰ ਪੰਜਾਬ ਰਾਜ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀ ਤਰਫੋਂ ਅਤੇ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵੱਲੋਂ ਕੋਈ ਵੀ ਪੇਸ਼ ਨਹੀਂ ਹੋਇਆ, ਜਿਸ ਕਾਰਨ ਟ੍ਰਿਬਿਊਨਲ ਨੇ ਉਕਤ ਦੋਵਾਂ ਨੂੰ 1-1 ਲੱਖ ਰੁਪਏ ਦੇ ਭੁਗਤਾਨ ਦੇ ਹੁਕਮਾਂ ਨਾਲ ਕੇਸ ਦੀ ਸੁਣਵਾਈ 20 ਮਾਰਚ 24 ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਵਾਤਾਵਰਣ ਦੇ ਮਾਮਲਿਆਂ ਨੂੰ ਏ. ਡੀ. ਸੀ. ਵੇਖਦੇ ਹਨ। ਉਹ ਉਨ੍ਹਾਂ ਨਾਲ ਗੱਲਬਾਤ ਕਰ ਕੇ ਮਾਨਯੋਗ ਅਦਾਲਤ ਵੱਲੋਂ ਕੀਤੇ ਗਏ ਜੁਰਮਾਨੇ ’ਚ ਆਪਣਾ ਪੱਖ ਪੇਸ਼ ਕਰਨਗੇ।
ਇਹ ਵੀ ਪੜ੍ਹੋ- 3 ਪੀੜੀਆਂ ਤੋਂ ਫੌਜ ਦੀ ਨੌਕਰੀ ਕਰਦਾ ਆ ਰਿਹਾ ਪਰਿਵਾਰ, ਹੁਣ ਧੀ ਨੇ ਵੀ ਫਲਾਇੰਗ ਅਫ਼ਸਰ ਬਣ ਕੀਤਾ ਨਾਂ ਰੋਸ਼ਨ
ਇਹ ਵੀ ਦੱਸਣਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਪਿਛਲੀ ਸਮੇਂ ਦੌਰਾਨ ਸਖ਼ਤ ਮਿਹਨਤ ਕਰ ਕੇ ਸੂਬੇ ਅਤੇ ਪੂਰੇ ਦੇਸ਼ ਅੰਦਰ ਵੱਡੀਆਂ ਪ੍ਰਾਪਤੀਆਂ ਕਰ ਕੇ ਜ਼ਿਲ੍ਹੇ ਨੂੰ ਕਈ ਅਹਿਮ ਕਾਰਜਾਂ ਵਿਚ ਪਹਿਲੇ ਨੰਬਰ ’ਤੇ ਲਿਆਂਦਾ ਹੈ, ਜਿਸ ਕਾਰਨ ਜ਼ਿਲ੍ਹੇ ਨੂੰ ਵੱਡੇ ਸਨਮਾਨ ਵੀ ਮਿਲੇ ਸਨ। ਗੁਰਦਾਸਪੁਰ ਜ਼ਿਲ੍ਹੇ ’ਚ ਆਏ ਹੜ੍ਹਾਂ ਦੌਰਾਨ ਵੀ ਡੀ. ਸੀ. ਨੇ ਨਿਰੰਤਰ ਲੋਕਾਂ ’ਚ ਰਹਿ ਕੇ ਰਾਹਤ ਕਾਰਜ ਮੁਕੰਮਲ ਕਰਵਾਏ ਸਨ ਅਤੇ ਹੁਣ ਖੇਤਾਂ ਵਿਚ ਰਹਿੰਦ ਖੂੰਹਦ ਦੀ ਅੱਗ ਰੋਕਣ ਲਈ ਵੀ ਜ਼ਿਲ੍ਹੇ ਨੇ ਪੂਰੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰ ਕੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਲਗਾਉਣ ਦੀਆਂ ਘਟਨਾਵਾਂ ਵਿਚ 55 ਫੀਸਦੀ ਤੋਂ ਜ਼ਿਆਦਾ ਕਮੀ ਦਰਜ ਕਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8