ਜੀਵਨ ਜਾਚ ਸਿਖਾ ਰਿਹਾ, ਕੋਰੋਨਾ ਲਾਗ (ਮਹਾਮਾਰੀ) ਦਾ ਕਹਿਰ

05/30/2020 1:25:34 PM

ਕਮਲਜੀਤ ਕੌਰ

ਪਿਛਲੇ ਕੁਝ ਕੁ ਮਹੀਨਿਆਂ ਤੋਂ ਵਿਸ਼ਵ, ਕੋਰੋਨਾ (ਕੋਵਿਡ-19) ਮਹਾਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਅਦ੍ਰਿਸ਼ ਵਿਸ਼ਾਣੂ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਵਿੱਚ ਆਪਣਾ ਪਸਾਰਾ ਕਰਕੇ ਆਮ ਜਨ-ਜੀਵਨ ਨੂੰ ਅਸਥ-ਵਿਅਸਥ ਕਰ ਦਿੱਤਾ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵਧਣ ਕਾਰਣ ਬੈਚੇਨੀ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਅਚਾਨਕ ਮਾਰਚ ਮਹੀਨੇ ਰਾਸ਼ਟਰੀ ਪੱਧਰ ’ਤੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ (ਤਾਲਾਬੰਦੀ) ਨਿੱਜੀ ਸਿਹਤ ਸੁਰੱਖਿਆ ਲਈ ਵਚਨਬੱਧ ਕੀਤਾ ਗਿਆ।

ਇਸ ਮਹਾਂਮਾਰੀ ਨੇ ਥੋੜੇ ਸਮੇਂ ਵਿੱਚ ਕਈ ਸੈਂਕੜੇ ਕੀਮਤੀ ਜਾਨਾਂ ਨਿਗਲ ਲਈਆਂ। ਇੱਥੋ ਤੱਕ ਕਿ ਦੇਸ਼ ਦੇ ਵਿਕਾਸ ਸੰਬੰਧੀ ਹਰ ਖੇਤਰ ਜਿਵੇਂ ਕਿ ਅਰਥ-ਵਿਵਸਥਾ, ਲੋਕਾਂ ਦੇ ਕੰਮਕਾਰ, ਸੰਚਾਰ ਅਤੇ ਆਵਾਜਾਈ ਦੇ ਸਾਧਨ, ਸਿੱਖਿਆ, ਵਿਗਿਆਨ ਅਤੇ ਤਕਨੀਕੀ ਗਤੀਵਿਧੀਆਂ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਮਹਾਂਮਾਰੀ ਦੀ ਕਰੋਪੀ ਕਾਰਨ ਮਨੁੱਖਤਾ ਦੀ ਮਾਨਸਿਕਤਾ ਵੀ ਦੁਬਿਧਾ ਦਾ ਸ਼ਿਕਾਰ ਹੋ ਰਹੀ ਹੈ। 

ਕੋਰੋਨਾ ਪੀੜ੍ਹਤਾਂ ਦੀ ਦੇਖਭਾਲ, ਸਾਂਭ-ਸੰਭਾਲ ਕਰਨ ਵਾਲੇ ਫਰੰਟ ਲਾਈਨ ਯੋਧੇ ਖਾਸ ਤੌਰ ’ਤੇ ਨਰਸਿੰਗ ਸਟਾਫ਼, ਮੈਡੀਕਲ ਅਤੇ ਪੈਰਾਮੈਡੀਕਲ ਵਾਰਡ ਅਟੈਂਡੇਟ, ਸਫ਼ਾਈ ਸੇਵਕ, ਪ੍ਰਸ਼ਾਸ਼ਨ, ਪੁਲਸ ਕਰਮੀ, ਪ੍ਰੈਸ ਅਤੇ ਮੀਡੀਆ, ਆਦਿ ਦੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਫ਼ਰਜ਼ ਨਿਭਾਉਂਦੇ ਹੋਏ, ਆਮ ਜਨਤਾ ਨੂੰ ਸੁਰੱਖਿਅਤ ਰੱਖਣ ਅਤੇ ਲੋੜਵੰਦਾਂ ਨੂੰ ਲੋੜੀਂਦੀ ਮਦਦ ਕਰਨ ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ। 

ਇਨ੍ਹਾਂ ਨਾਜ਼ੁਕ ਹਲਾਤਾਂ ਵਿੱਚ ਸੂਝਵਾਨ ਜ਼ਿੰਮੇਵਾਰ ਅਧਿਕਾਰੀ ਖਾਸ ਕਰਕੇ ਸਿਹਤ ਅਤੇ ਐਬੂਲੈਂਸ ਦੀ ਸੇਵਾ ਨਿਭਾ ਰਹੇ ਕਰਮਚਾਰੀ ਜੀਅ-ਜਾਨ ਨਾਲ ਦਿਨ ਰਾਤ ਸੇਵਾਵਾਂ ਨਿਭਾ ਰਹੇ ਹਨ। ਪੁਲਸ ਵਿਭਾਗ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਬੜੀ ਹਿੰਮਤ ਅਤੇ ਉਤਸ਼ਾਹ ਨਾਲ ਵਿਚਰਦੇ ਹੋਏ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। 

ਆਮ ਜਨਤਾ ਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਅਤੇ ਫੈਲਾਅ ਨੂੰ ਸਮਝਦੇ ਹੋਏ ਨਿੱਜੀ ਜ਼ਿੰਦਗੀ ਵਿੱਚ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਹੱਥਾਂ ਦੀ ਸਫ਼ਾਈ ਦਾ ਖਾਸ ਧਿਆਨ ਰੱਖਣਾ ਅਤੇ ਘਰ ਦੇ ਬਣੇ ਸਾਫ਼-ਸੁਥਰੇ ਭੋਜਨ ਦਾ ਸਮੇਂ ਸਿਰ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਖਾਂਸੀ ਅਤੇ ਛਿੱਕਣ ਸਮੇਂ ਨੱਕ ਮੂੰਹ ਢੱਕਣਾ ਸਭਿਅਕ ਤੌਰ ’ਤੇ ਅਤਿ ਜਰੂਰੀ ਹੈ। ਅਜੋਕੇ ਸਮੇਂ ਵਿੱਚ ਹਰ ਨਾਗਰਿਕ ਨੂੰ ਰਹਿਣ-ਸਹਿਣ ਦੇ ਪ੍ਰਕ੍ਰਿਤਿਕ ਤੌਰ ਤਰੀਕੇ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਅਪਣਾਉਣ ਲਈ ਸੁਚੇਤ ਹੋਣ ਦੀ ਗੰਭੀਰ ਲੋੜ ਹੈ। ਕੋਰੋਨਾ ਵਾਇਰਸ ਲਾਗ (ਮਹਾਮਾਰੀ) ਨੇ ਜਿੱਥੇ ਵਿਸ਼ਵ ਭਰ ਵਿੱਚ ਮਾਨਵਤਾ ਨੂੰ ਨਿੱਜੀ, ਸਮਾਜਿਕ ਅਤੇ ਆਰਥਿਕ ਤੌਰ ’ਤੇ ਖਤਰੇ ਵਿੱਚ ਪਾਇਆ ਹੈ, ਉੱਥੇ ਹੀ ਮਨੁੱਖਤਾ ਨੂੰ ਸੁਰੱਖਿਅਤ ਜੀਵਨ ਜਿਉਣ ਦਾ ਵੱਡਮੁੱਲਾ ਸੰਦੇਸ਼ ਵੀ ਦਿੱਤਾ ਹੈ।  

ਕੋਰੋਨਾ ਵਾਇਰਸ ਲਾਗ (ਮਹਾਮਾਰੀ) ਤੋਂ ਡਰਨ ਦੀ ਲੋੜ ਨਹੀ, ਬਲਕਿ ਸਿਹਤਮੰਦ ਜੀਵਨ ਜੀਣ ਲਈ ਚੇਤੰਨ ਹੋਣ ਦੀ ਲੋੜ ਹੈ। ਕੋਰੋਨਾ ਸੰਬੰਧੀ ਅਫ਼ਵਾਹਾਂ ’ਚ ਵਿਸ਼ਵਾਸ ਨਾ ਕਰਦੇ ਹੋਏ ਸਹੀ ਜਾਣਕਾਰੀ ਅਪਣਾਉਣਾ, ਜਨਤਕ ਥਾਵਾਂ ’ਤੇ ਮਾਸਕ ਪਾਉਣਾ, ਸੋਸ਼ਲ ਡਿਸਟੈਂਸ ਬਣਾਉਣਾ ਅਤੇ ਬਿਨ੍ਹਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਣ ਆਦਿ ਪ੍ਰਹੇਜ਼ਾਂ ਦੀ ਪਾਲਣਾ ਕਰਨ ਨਾਲ ਕਾਫ਼ੀ ਹੱਦ ਤੱਕ ਇਸ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਕੋਰੋਨਾ ਪੀੜ੍ਹਤ ਪਰਿਵਾਰ ਨਾਲ ਭੇਦਭਾਵ ਨਾ ਕਰਦੇ ਹੋਏ, ਉਨ੍ਹਾਂ ਦਾ ਮਨੋਬਲ ਉੱਚਾ ਬਣਾਈ ਰੱਖਣ ਲਈ ਭਰਪੂਰ ਸਹਿਯੋਗ ਦਿੱਤਾ ਜਾਵੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਹਮਦਰਦੀ ਅਤੇ ਸਤਿਕਾਰ ਦੇ ਕੇ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇ।

ਅਸੀ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਕੋਈ ਵੀ ਆਪਦਾ ਕਿਸੇ ਵਿਅਕਤੀ ਵਿਸ਼ੇਸ਼ ਦੇ ਰੁਤਬੇ, ਉਮਰ, ਲਿੰਗ, ਮਜ਼੍ਹਬ, ਧਰਮ, ਭੂਗੋਲਿਕ, ਸਮਾਜਿਕ ਜਾਂ ਆਰਥਿਕ ਸਥਿਤੀ ਦੀ ਮੁਥਾਜ ਨਹੀਂ। ਆਮ ਜਨਤਾ ਵਿੱਚ ਇਸ ਨਾ-ਮੁਰਾਦ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਕੋਰੋਨਾ ਸੰਬੰਧਿਤ ਅਲਾਮਤਾਂ ਹੋਣ ’ਤੇ ਇਕਾਂਤਵਾਸ ਵਿੱਚ ਰਹਿ ਕੇ ਡਾਕਟਰੀ ਸਹਾਇਤਾ ਅਨੁਸਾਰ ਇਤਿਆਦ ਵਰਤਣ ਨੂੰ ਯਕੀਨੀ ਬਣਾਉਣ। ਸਾਨੂੰ ਇਸ ਬੀਮਾਰੀ ਨਾਲ ਸੰਬੰਧਿਤ ਜਾਣਕਾਰੀ ਨੂੰ ਹਰ ਇੱਕ ਵਿਅਕਤੀ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਕਿ ਸਮੂਹ ਜਨ ਜਾਗਰੂਕ ਹੋ ਕੇ ਇਸ ਮਹਾਂਮਾਰੀ ਦੀ ਰੋਕਥਾਮ ਕਰਨ ਵਿੱਚ ਸਹਾਇਕ ਹੋਣ।

ਇਲਾਜ ਨਾਲੋਂ ਪ੍ਰਹੇਜ਼ ਚੰਗਾ ਕਥਨ ਨੂੰ ਸਾਰਥਕ ਕਰਦੇ ਹੋਏ ਆਉ ਸਾਰੇ ਮਿਲ ਕੇ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੋਰੋਨਾ ਦੀ ਨਾ-ਮੁਰਾਦ ਬੀਮਾਰੀ ਨੂੰ ਜੜ੍ਹੋਂ ਖਤਮ ਕਰਨ ਦਾ ਪ੍ਰਣ ਕਰੀਏ। 

ਯਾਦ ਰੱਖੋ ਜਾਨ ਹੈ, ਤਾਂ ਜਹਾਨ ਹੈ।


rajwinder kaur

Content Editor

Related News