ਪਤੀ ਅਤੇ ਸੱਸ ਦੀ ਸਹਿਮਤੀ ਨਾਲ ਸਹੁਰੇ ਨੇ ਨੂੰਹ ਨਾਲ ਕੀਤਾ ਜਬਰ-ਜ਼ਨਾਹ

06/14/2019 11:23:22 PM

ਤਰਨਤਾਰਨ(ਰਾਜੂ)-ਕੋਰਟ ਮੈਰਿਜ ਕਰਵਾ ਕੇ ਸਹੁਰੇ ਪਰਿਵਾਰ ਦੇ ਘਰ ਗਈ ਲੜਕੀ ਨਾਲ ਸਹੁਰੇ ਵਲੋਂ ਪਤੀ ਅਤੇ ਸੱਸ ਦੀ ਕਥਿਤ ਤੌਰ 'ਤੇ ਸਹਿਮਤੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਥਾਣਾ ਹਰੀਕੇ ਪੁਲਸ ਨੇ ਸਹੁਰੇ, ਸੱਸ ਅਤੇ ਪਤੀ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ 21 ਸਾਲਾ ਲੜਕੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਹਰੀਕੇ ਨਿਵਾਸੀ ਰਣਜੀਤ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ 'ਚ ਰਹਿ ਰਹੀ ਹੈ। ਬੀਤੇ ਦਿਨੀਂ ਜਦੋਂ ਉਸ ਦਾ ਪਤੀ ਕੰਮ 'ਤੇ ਚਲਾ ਗਿਆ ਤਾਂ ਪਤੀ ਦੀ ਗੈਰ ਹਾਜ਼ਰੀ 'ਚ ਉਸ ਦੇ ਸਹੁਰੇ ਬਲਵਿੰਦਰ ਸਿੰਘ ਨੇ ਕਥਿਤ ਤੌਰ 'ਤੇ ਉਸ ਨਾਲ ਜ਼ਬਰਨ ਸਰੀਰਕ ਸਬੰਧ ਬਣਾਏ ਅਤੇ ਉਸ ਦੀ ਕੁੱਟ-ਮਾਰ ਵੀ ਕੀਤੀ। ਘਰ ਵਾਪਸ ਆਉਣ 'ਤੇ ਜਦ ਉਸ ਨੇ ਆਪਣੇ ਪਤੀ ਅਤੇ ਸੱਸ ਨੂੰ ਆਪਣੇ ਸਹੁਰੇ ਦੀ ਕਰਤੂਤ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਉਸ ਦੀ ਗੱਲ ਸੁਣਨ ਦੀ ਬਜਾਏ ਕਿਹਾ ਕਿ ਇੱਥੇ ਸਾਡੇ ਮੁਤਾਬਕ ਹੀ ਰਹਿਣਾ ਪੈਣਾ ਹੈ। ਇਨਸਾਫ ਨਾ ਮਿਲਦਾ ਵੇਖ ਕੇ ਉਸ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਲਖਬੀਰ ਕੌਰ ਇੰਚਾਰਜ ਵੂਮੈਨ ਸੈੱਲ ਪੱਟੀ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ 'ਤੇ ਰਣਜੀਤ ਸਿੰਘ (ਪਤੀ), ਬਲਵਿੰਦਰ ਸਿੰਘ (ਸਹੁਰਾ) ਅਤੇ ਸਰਬਜੀਤ ਕੌਰ (ਸੱਸ) ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


satpal klair

Content Editor

Related News