ਗੁਰਦਾਸਪੁਰ ''ਚ ਕੋਰੋਨਾ ਦਾ ਕਹਿਰ ਜਾਰੀ, PCS ਅਧਿਕਾਰੀ ਸਮੇਤ 3 ਨਵੇਂ ਮਰੀਜ਼ਾਂ ਦੀ ਪੁਸ਼ਟੀ
Sunday, Jul 12, 2020 - 02:13 AM (IST)

ਗੁਰਦਾਸਪੁਰ,(ਹਰਮਨ, ਵਿਨੋਦ)- ਪੰਜਾਬ ’ਚ ਕਈ ਜ਼ਿਲਿਆਂ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਣ ਦੇ ਬਾਵਜੂਦ ਹੋਰ ਅਧਿਕਾਰੀਆਂ ਦੇ ਲਏ ਗਏ ਸੈਂਪਲਾਂ ਤਹਿਤ ਅੱਜ ਜ਼ਿਲਾ ਗੁਰਦਾਸਪੁਰ ’ਚ ਤਾਇਨਾਤ ਇਕ ਸੀਨੀਅਰ ਪੀ. ਸੀ. ਐੱਸ. ਅਧਿਕਾਰੀ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ ਪਰ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਇਰਸ ਤੋਂ ਘਬਰਾਉਣ ਨਾ ਅਤੇ ਆਪਣਾ ਬਚਾਅ ਕਰਨ ਲਈ ਸੋਸ਼ਲ ਡਿਸਟੈਂਸ ਸਮੇਤ ਹੋਰ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਇਕੱਤਰ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਹੀ ਜ਼ਿਲਾ ਗੁਰਦਾਸਪੁਰ ਦੇ ਸੀਨੀਅਰ ਪੀ. ਸੀ. ਐੱਸ. ਅਧਿਕਾਰੀ ਦਾ ਸੈਂਪਲ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਸਥਿਤ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਸੀ। ਅੱਜ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਸੂਚੀ ਤਿਆਰ ਕਰ ਕੇ ਸੈਪਲ ਲੈਣ ਦੀ ਤਿਆਰ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਅੰਦਰ ਅੱਜ ਇਸ ਮਹਾਮਾਰੀ ਤੋਂ ਪੀੜਤ 3 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਸ ਤਹਿਤ ਤੱਕ ਜ਼ਿਲੇ ਅੰਦਰ 303 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਵਾਇਰਸ ਨਾਲ ਪੀੜਤ 243 ਵਿਅਕਤੀਆਂ ਨੇ ਕੋਰੋਨਾ ’ਤੇ ਫ਼ਤਿਹ ਹਾਸਲ ਕਰ ਲਈ ਹੈ। ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ, ਜਿਸ ਤਹਿਤ ਗੁਰਦਾਸਪੁਰ ਨਾਲ ਸਬੰਧਤ ਪੀੜਤ ਪਾਈ ਗਈ ਔਰਤ ਦੀ ਕਲੋਨੀ ਵਿਚ ਪਹੁੰਚ ਕੇ ਡਾ. ਨਿਤਿਨ ਜਨੋਤਰਾ ਦੀ ਟੀਮ ਨੇ ਕਰੀਬ 27 ਸੈਂਪਲ ਲਏ ਗਏ ਹਨ।