ਨਿਰਪੱਖ ਪੰਚਾਇਤੀ ਚੋਣਾਂ ਦੀ ਮੰਗ ਨੂੰ ਲੈ ਕੇ ਕਾਮਰੇਡਾਂ ਨੇ ਦਿੱਤਾ ਧਰਨਾ

12/17/2018 1:48:46 AM

ਗੁਰਦਾਸਪੁਰ,   (ਹਰਮਨਪ੍ਰੀਤ, ਵਿਨੋਦ)-  ਅੱਜ ਭਾਰਤੀ ਕਮਿਊਨਿਸਟ ਪਾਰਟੀ  (ਮਾਰਕਸਵਾਦੀ–ਲੈਨਿਨਵਾਦੀ) ਲਿਬਰੇਸ਼ਨ ਨੇ ਸਥਾਨਕ ਗੁਰੂ ਨਾਨਕ ਪਾਰਕ ’ਚ ਧਰਨਾ ਦੇ ਕੇ  ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ  ਬਖਤਪੁਰ, ਸੁਖਦੇਵ ਸਿੰਘ ਭਾਗੋਕਾਵਾਂ ਤੇ ਜ਼ਿਲਾ ਸਕੱਤਰ ਗੁਲਜਾਰ ਸਿੰਘ ਨੇ ਕਾਂਗਰਸ  ਮੰਤਰੀਆਂ ਤੇ ਵਿਧਾਇਕਾਂ ਖਿਲਾਫ਼ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼  ਭਰਨ ਸਬੰਧੀ ਡਰਾਉਣ ਧਮਕਾਉਣ ਦੇ ਦੋਸ਼ ਲਾਏ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਤਰੀਆਂ ਦੇ  ਪਿੰਡਾਂ ’ਚ ਬੈਠੇ ਆਗੂ ਤੇ ਸਮਰਥਕ ਖੁੱਲ੍ਹੇਆਮ ਪ੍ਰਚਾਰ ਕਰ ਰਹੇ ਹਨ ਕਿ ਵਿਰੋਧੀਆਂ ਦੇ  ਕਾਗਜ਼ ਦਾਖਲ ਨਹੀਂ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਪੰਜਾਬ ਦੀਆਂ  ਨਵੀਆਂ ਹਦਾਇਤਾਂ ਦਾ ਸਵਾਗਤ ਕਰਦੇ ਹਨ। ਪਰ ਫਿਰ ਵੀ ਜ਼ਿਲਾ ਚੋਣ ਅਧਿਕਾਰੀਆਂ ਨੂੰ ਯਕੀਨੀ  ਬਣਾਉਣਾ ਪਵੇਗਾ ਕਿ ਸਿਆਸੀ ਦਬਾਅ ਹੇਠ ਕਿਸੇ ਵਿਰੋਧੀ ਦੇ ਕਾਗਜ਼ ਲੈਣ ਤੋਂ ਆਨਾਕਾਨੀ ਨਹੀਂ  ਕੀਤੀ ਜਾਵੇਗੀ ਤੇ ਨਾ ਹੀ ਗਲਤ ਦੋਸ਼ ਲਾ ਕੇ ਕਿਸੇ ਦੇ ਕਾਗਜ਼ ਰੱਦ ਕੀਤੇ ਜਾਣਗੇ। ਆਗੂਆਂ  ਨੇ ਮੰਗ ਕੀਤੀ ਗਈ ਕਿ ਕਾਗਜ਼ ਆਨਲਾਈਨ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇ ਤੇ  ਕਾਗਜ਼ਾਂ ਨੂੰ ਲੈਣ ਮੌਕੇ ਰਸੀਦ ਦੇਣ ਤੋਂ ਇਲਾਵਾ ਇਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ।  ਗੁਰਮੀਤ ਸਿੰਘ ਬਖਤਪੁਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਾਂਗਰਸ ਸਰਕਾਰ ਪੰਚਾਇਤੀ ਚੋਣਾਂ  ’ਚ ਲੋਕਾਂ ਦੇ ਸੰਵਿਧਾਨਕ ਹੱਕਾਂ ਨੂੰ ਖਤਮ ਕਰਨ ’ਚ ਅਕਾਲੀ ਸਰਕਾਰ ਨੂੰ ਵੀ ਮਾਤ ਦੇ ਰਹੀ  ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨਾਲ  ਧੱਕੇਸ਼ਾਹੀ ਤੇ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ ਰੰਧਾਵਾ,  ਵਿਜੇ ਕੁਮਾਰ ਸੋਹਲ, ਮਨਜੀਤ ਰਾਜ ਬਟਾਲਾ, ਅਸ਼ਵਨੀ ਕੁਮਾਰ, ਗੋਪਾਲ ਕਿਸ਼ਨ, ਅਸ਼ਵਨੀ ਤੇ ਹੈਪੀ  ਹਾਜ਼ਰ ਆਦਿ ਸਨ। 


Related News