ਰਾਵਲਪਿੰਡੀ ਦੇ ਕਮਿਸ਼ਨਰ ਨੇ ਚੋਣਾਂ ’ਚ ਧਾਂਦਲੀ ਕਬੂਲੀ , ਕਿਹਾ-ਅਸੀਂ ਹਾਰੇ ਹੋਏ ਉਮੀਦਵਾਰਾਂ ਨੂੰ 50,000 ਵੋਟਾਂ ਦੀ ਲੀਡ ਦਿਖਾ ਕੇ ਜੇਤੂ ਦਿਖਾਇਆ
Sunday, Feb 18, 2024 - 02:51 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ, ਏਜੰਸੀਆਂ) : ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਦਰਮਿਆਨ ਰਾਵਲਪਿੰਡੀ ਦੇ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਸ਼ਨੀਵਾਰ ਨੂੰ ਚੋਣ ਨਤੀਜਿਆਂ ਵਿਚ ਧਾਂਦਲੀ ਕਰਨ ਵਿਚ ਸ਼ਾਮਲ ਹੋਣ ਦੀ ਗੱਲ ਕਬੂਲੀ ਅਤੇ ਰਾਵਲਪਿੰਡੀ ਡਿਵੀਜ਼ਨ ਨਾਲ ਬੇਇਨਸਾਫ਼ੀ ਕਰਨ ਦੇ ਲਈ ਫਾਂਸੀ ਦੀ ਮੰਗ ਕਰਦਿਆਂ ਅਾਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਅਸਤੀਫੇ ਨੇ ਪਾਕਿਸਤਾਨ ਦੀ ਰਾਜਨੀਤੀ ਵਿਚ ਭੂਚਾਲ ਖੜ੍ਹਾ ਕਰ ਦਿੱਤਾ ਹੈ।
ਚੱਠਾ ਨੇ ਰਾਵਲਪਿੰਡੀ ਕ੍ਰਿਕਟ ਸਟੇਡੀਅਮ ’ਚ ਇਕ ਪ੍ਰੈੱਸ ਕਾਨਫਰੰਸ ’ਚ ਦਾਅਵਾ ਕੀਤਾ ਕਿ ਪਿੰਡੀ ਤੋਂ 13 ਉਮੀਦਵਾਰਾਂ ਨੂੰ ਜ਼ਬਰਦਸਤੀ ਜੇਤੂ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਹਾਰਨ ਵਾਲੇ ਉਮੀਦਵਾਰਾਂ ਨੂੰ 50,000 ਵੋਟਾਂ ਦੀ ਲੀਡ ਦਿਖਾ ਕੇ ਉਨ੍ਹਾਂ ਨੂੰ ਜਿੱਤੇ ਹੋਏ ਦੱਸਿਆ। ਉਨ੍ਹਾਂ ਕਿਹਾ- ਮੈਂ ਰਾਵਲਪਿੰਡੀ ਡਿਵੀਜ਼ਨ ਨਾਲ ਬੇਇਨਸਾਫ਼ੀ ਕੀਤੀ ਹੈ। ਇਹ ਚੀਜ਼ਾਂ ਮੈਨੂੰ ਰਾਤ ਨੂੰ ਸੌਣ ਨਹੀਂ ਦਿੰਦੀਆਂ। ਮੈਂ ਸ਼ਾਂਤੀ ਨਾਲ ਮਰਨਾ ਚਾਹੁੰਦਾ ਹਾਂ ਅਤੇ ਮੈਂ ਜੋ ਕੀਤਾ ਹੈ ਉਸਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ।
ਉਸ ਨੇ ਕਿਹਾ ਕਿ ਅੱਜ ਮੈਂ ਫਜ਼ਰ ਦੀ ਨਮਾਜ਼ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਮੈਂ ਸੋਚਿਆ ਕਿ ਮੈਂ ਮਨਾਹੀ ਵਾਲੀ ਮੌਤ ਕਿਉਂ ਮਰਾਂ? ਸਭ ਕੁਝ ਲੋਕਾਂ ਸਾਹਮਣੇ ਕਿਉਂ ਨਾ ਰੱਖਿਆ ਜਾਵੇ ? ਉਨ੍ਹਾਂ ਕਿਹਾ ਕਿ ਮੈਂ ਰਾਵਲਪਿੰਡੀ ਡਿਵੀਜ਼ਨ ਵਿਚ ਚੋਣਾਂ ਵਿੱਚ ਧਾਂਦਲੀ ਦੀ ਜ਼ਿੰਮੇਵਾਰੀ ਕਬੂਲਦਾ ਹਾਂ ਅਤੇ ਖੁਦ ਨੂੰ ਪੁਲਸ ਹਵਾਲੇ ਕਰ ਰਿਹਾ ਹਾਂ।
ਚੱਠਾ ਨੇ ਕਿਹਾ ਕਿ ਮੈਂ ਆਪਣੇ ਅਧੀਨ ਰਿਟਰਨਿੰਗ ਅਫਸਰ (ਆਰ.ਓ.) ਤੋਂ ਮੁਆਫੀ ਮੰਗਦਾ ਹਾਂ। ਜਦੋਂ ਮੈਂ ਉਸ ਨੂੰ ਧਾਂਦਲੀ ਕਰਨ ਲਈ ਕਿਹਾ ਤਾਂ ਉਹ ਰੋਣ ਲੱਗਾ ਅਤੇ ਕਿਹਾ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਦੇ ਮੁੱਖ ਚੋਣ ਕਮਿਸ਼ਨਰ ਅਤੇ ਚੀਫ਼ ਜਸਟਿਸ ਚੋਣ ਧੋਖਾਦੇਹੀ ਵਿਚ ਸ਼ਾਮਲ ਹਨ। ਉਨ੍ਹਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਮੈਂ ਸਾਰੀ ਜ਼ਿੰਮੇਵਾਰੀ ਪ੍ਰਵਾਨ ਕਰਦਾ ਹਾਂ, ਮੈਨੂੰ ਰਾਵਲਪਿੰਡੀ ਦੇ ਕਚਹਿਰੀ ਚੌਕ ’ਤੇ ਫਾਂਸੀ ਦਿੱਤੀ ਜਾਵੇ। ਮੈਂ ਅਜਿਹੇ ਅਪਰਾਧ ਵਿਚ ਹਿੱਸਾ ਨਹੀਂ ਬਣਨਾ ਚਾਹੁੰਦਾ ਜੋ ਪਾਕਿਸਤਾਨ ਨੂੰ ਤਬਾਹ ਕਰ ਦੇਵੇ। ਉਨ੍ਹਾਂ ਕਿਹਾ ਕਿ ਦੁਬਾਰਾ ਚੋਣ ਕਰਵਾਉਣ ਦੀ ਕੋਈ ਲੋੜ ਨਹੀਂ ਹੈ, ਬਸ ਸਾਰੇ ਫਾਰਮ 45 ਇਕੱਠੇ ਕਰੋ ਅਤੇ ਤੁਹਾਨੂੰ ਸਪੱਸ਼ਟ ਨਤੀਜੇ ਮਿਲਣਗੇ। ਕਾਰਜਕਾਰੀ ਸੂਚਨਾ ਮੰਤਰੀ ਨੇ ਕਿਹਾ- ਸੇਵਾਮੁਕਤੀ ਤੋਂ ਬਾਅਦ ਕਰੀਅਰ ਲਈ ਸਟੰਟ ਕਰ ਰਹੇ ਚੱਠਾ
ਪਾਕਿਸਤਾਨ ਦੇ ਚੋਣ ਕਮਿਸ਼ਨ ਅਤੇ ਪੰਜਾਬ ਦੇ ਅਧਿਕਾਰੀਆਂ ਨੇ ਰਾਵਲਪਿੰਡੀ ਦੇ ਕਮਿਸ਼ਨਰ ਲਿਆਕਤ ਅਲੀ ਚੱਠਾ ਵਿਰੁੱਧ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਕਾਰਜਕਾਰੀ ਸੂਚਨਾ ਮੰਤਰੀ ਆਮਿਰ ਮੀਰ ਨੇ ਕਿਹਾ ਕਿ ਇਹ ਨਾ ਤਾਂ ਕੋਈ ਰਾਜ਼ ਖੋਲ੍ਹਣਾ ਅਤੇ ਨਾ ਹੀ ਕੋਈ ਦੋਸ਼ ਨੂੰ ਮੰਨਣਾ, ਇਹ ਚੋਣ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਅਤੇ ਦੋਸ਼ ਸੀ।
ਉਨ੍ਹਾਂ ਕਿਹਾ ਕਿ ਉਹ ਚੱਠਾ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ਼ ਕਰਦੇ ਹਨ। ਖ਼ੁਦਕੁਸ਼ੀ ਦੀ ਗੱਲ ਕਰਨ ਵਾਲਾ ਵਿਅਕਤੀ ਸਿਰਫ਼ ਮਨੋਰੋਗੀ ਹੀ ਹੋ ਸਕਦਾ ਹੈ। ਚੱਠਾ 13 ਮਾਰਚ ਨੂੰ ਸੇਵਾਮੁਕਤੀ ਵੱਲ ਵਧ ਰਹੇ ਹਨ ਅਤੇ ਉਹ ਆਪਣੀ ਸੇਵਾਮੁਕਤੀ ਤੋਂ ਕੁਝ ਹਫ਼ਤੇ ਪਹਿਲਾਂ ਸਿਆਸੀ ਸਟੰਟ ਕਰ ਰਹੇ ਹਨ ਜਿਸ ਤੋਂ ਮੈਨੂੰ ਲੱਗਦਾ ਹੈ ਕਿ ਉਹ ਸਿਆਸੀ ਕਰੀਅਰ ਬਣਾਉਣਾ ਚਾਹੁੰਦੇ ਹਨ।