ਸਿਵਲ ਹਸਪਤਾਲ ’ਚ ਨਸ਼ੇੜੀਆਂ ਦੀ ਭੀੜ ਲੱਗਣ ਕਾਰਨ ਮਰੀਜ਼ ਅਤੇ ਸਟਾਫ ਪ੍ਰੇਸ਼ਾਨ, ਸੁਰੱਖਿਆ ਗਾਰਡ ਸੁਸਤ
Wednesday, Jun 15, 2022 - 04:35 PM (IST)
ਤਰਨ ਤਾਰਨ (ਰਮਨ) - ਸਥਾਨਕ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ ਤੋਂ ਆਪਣੇ ਇਲਾਜ ਲਈ ਦਵਾਈ ਲੈਣ ਤੋਂ ਬਾਅਦ ਸਾਰਾ ਦਿਨ ਨਸ਼ੇੜੀਆਂ ਦੀ ਲੱਗੀ ਰਹਿੰਦੀ ਭੀੜ ਤੋਂ ਮਰੀਜ਼ ਅਤੇ ਸਟਾਫ ਪ੍ਰੇਸ਼ਾਨ ਹੈ। ਨਸ਼ੇੜੀਆਂ ਵੱਲੋਂ ਹਸਪਤਾਲ ’ਚੋਂ ਮਿਲਣ ਵਾਲੀਆਂ ਬੁਪੀਰੀਨੋਰਫਿਨ ਨਾਮੀ ਦਵਾਈ ਨੂੰ ਹਸਪਤਾਲ ਕੰਪਲੈਕਸ ਦੇ ਨਾਲ-ਨਾਲ ਰੋਹੀ ਪੁੱਲ ’ਤੇ ਬਲੈਕ ਕਰਦਿਆਂ ਹੋਏ ਆਮ ਨੌਜਵਾਨਾਂ ਨੂੰ ਵੇਚਿਆ ਜਾ ਰਿਹਾ ਹੈ। ਇਸ ਦੌਰਾਨ ਹਸਪਤਾਲ ਦੇ ਸੁਰੱਖਿਆ ਗਾਰਡ ਸੁਸਤ ਨਜ਼ਰ ਆ ਰਹੇ ਹਨ ਅਤੇ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ
ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ਅਤੇ ਸ਼ਹਿਰ ਦੇ ਕੁਝ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਵਾਉਣ ਵਾਲੇ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਬੁਪੀਰੀਨੋਰਫਿਨ ਅਤੇ ਐਲਪਰਾਜ਼ੋਲਮ ਨਾਮਕ ਸਾਲਟ ਦੀਆਂ ਗੋਲੀਆਂ ਨੂੰ ਬਾਜ਼ਾਰ ’ਚ ਕੁਝ ਮਰੀਜ਼ ਹੋਰ ਲੋਕਾਂ ਨੂੰ ਬਲੈਕ ’ਚ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਟੀਕਿਆਂ ਕਾਰਨ ਏਡਜ਼, ਕਾਲਾ ਪੀਲੀਆ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣ ਚੁੱਕਾ ਹੈ। ਇਸ ਨੂੰ ਰੋਕਣ ਲਈ ਜਿੱਥੇ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਥੇ ਸਿਹਤ ਵਿਭਾਗ ਵਿਚ ਤਾਇਨਾਤ ਸੁਰੱਖਿਆ ਗਾਰਡ ਅਸਫਲ ਸਾਬਤ ਹੋ ਰਹੇ ਹਨ। ਇਨ੍ਹਾਂ ਨੌਜਵਾਨਾਂ ਵੱਲੋਂ ਲੁੱਟਾਂ-ਖੋਹਾਂ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ
ਸੁਰੱਖਿਆ ਗਾਰਡ ਅਤੇ ਪੁਲਸ ਵਰਤੇ ਸਖਤੀ
ਐੱਸ.ਐੱਮ.ਓ. ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਨਸ਼ੇ ਦਾ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾ ਨੂੰ ਕਈ ਵਾਰ ਅਪੀਲ਼ ਕੀਤੀ ਜਾਂਦੀ ਹੈ ਕਿ ਉਹ ਦਵਾਈ ਲੈਣ ਉਪਰੰਤ ਆਪਣੇ ਘਰ ਜਾਣ। ਹਸਪਤਾਲ ਦੇ ਸੁਰੱਖਿਆ ਗਾਰਡਾਂ ਅਤੇ ਪੁਲਸ ਨੂੰ ਇਸ ਸਬੰਧੀ ਸਖ਼ਤੀ ਕਰਨ ਲਈ ਕਿਹਾ ਜਾਵੇਗਾ।
ਕੀ ਕਹਿਣੈ ਐੱਸ.ਐੱਸ.ਪੀ. ਦਾ
ਇਸ ਸਬੰਧੀ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਏਗਾ। ਉਹ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਲਈ ਥਾਣਾ ਸਿਟੀ ਪੁਲਸ ਨੂੰ ਨਿਰਦੇਸ਼ ਜਾਰੀ ਕਰ ਰਹੇ ਹਨ। ਇਸ ਮਾਮਲੇ ’ਚ ਸਿਹਤ ਵਿਭਾਗ ਨਾਲ ਰਾਬਤਾ ਕੀਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ