ਸ਼ਹਿਰ ਦੀ ਟ੍ਰੈਫ਼ਿਕ ‘ਆਊਟ ਆਫ਼ ਕੰਟਰੋਲ’, ਸਰਦੀ ਦੇ ਮੌਸਮ ਵਿਚ ਹਰ ਕੋਈ ਚਾਰ ਪਹੀਆ ਵਾਹਨ ਦੀ ਕਰ ਰਿਹੈ ਵਰਤੋਂ
Thursday, Jan 18, 2024 - 12:20 PM (IST)
ਤਰਨਤਾਰਨ (ਰਮਨ)- ਸਰਦੀ ਦੇ ਮੌਸਮ ਵਿਚ ਹਰ ਵਿਅਕਤੀ ਠੰਡ ਤੋਂ ਬਚਣ ਲਈ ਦੋ ਪਹੀਆ ਵਾਹਨ ਨੂੰ ਛੱਡ ਕੇ ਚਾਰ ਪਹੀਆ ਵਾਹਨ ਦੀ ਵਰਤੋਂ ਕਰ ਰਿਹਾ ਹੈ, ਜਿਸਦੇ ਚੱਲਦਿਆਂ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਚਰਮਰਾ ਗਈ ਹੈ। ਇਸ ਦੌਰਾਨ ਵੱਧ ਰਹੀ ਟ੍ਰੈਫਿਕ ਨੂੰ ਕੰਟਰੋਲ ਕਰਨ ਵਿਚ ਟ੍ਰੈਫਿਕ ਪੁਲਸ ਵਲੋਂ ਠੋਸ ਕਦਮ ਚੁੱਕਦੇ ਹੋਏ ਸਖ਼ਤੀ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਸਥਾਨਕ ਗੁਰੂ ਨਗਰੀ ਵਿਚ ਨਾਜਾਇਜ਼ ਕਬਜ਼ਿਆਂ ਦੇ ਚੱਲਦਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਕਰ ਕੇ ਸ਼ਰਧਾਲੂ ਅਤੇ ਆਮ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਹਰ ਚੌਕ ਵਿਚ ਲੱਗ ਰਹੇ ਜਾਮ ਸਬੰਧੀ ਸ਼ਹਿਰ ਵਾਸੀਆਂ ਵਲੋਂ ਜ਼ਿਲ੍ਹੇ ਦੇ ਐੱਸ. ਐੱਸ. ਪੀ. ਪਾਸੋਂ ਟ੍ਰੈਫ਼ਿਕ ਨਿਜ਼ਾਤ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਹਿੰਦੂ ਸੰਸਥਾਵਾਂ 'ਤੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਬਣ ਰਹੀਆਂ ਯੋਜਨਾਵਾਂ
ਗੁਰੂ ਨਗਰੀ ਵਿਚ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਵਾਲੀ ਸੰਗਤ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੂੰ ਟ੍ਰੈਫ਼ਿਕ ਜਾਮ ਨੇ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਸਰਦੀ ਦੇ ਮੌਸਮ ਵਿਚ ਹਰ ਵਿਅਕਤੀ ਵਲੋਂ ਚਾਰ ਪਹੀਆ ਵਾਹਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਲੰਮੀਆਂ ਕਤਾਰਾਂ ਵਿਚ ਵਾਹਨ ਖੜ੍ਹੇ ਨਜ਼ਰ ਆਉਣ ਲੱਗ ਪਏ ਹਨ। ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿਚ ਟ੍ਰੈਫ਼ਿਕ ਸਮੱਸਿਆ ਵੱਧਦੀ ਜਾ ਰਹੀ ਹੈ, ਜਿਸ ਦੇ ਕੰਟਰੋਲ ਨਾ ਹੋਣ ਕਰ ਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ ਪਰਿਵਾਰ ਦੇ ਪੰਜ ਮੈਂਬਰ
ਸਥਾਨਕ ਸ਼ਹਿਰ ਦੇ ਬੋਹੜੀ ਚੌਕ ਤੋਂ ਇਲਾਵਾ ਜੰਡਿਆਲਾ ਰੋਡ, ਚਾਰ ਖੰਭਾ ਚੌਕ, ਤਹਿਸੀਲ ਚੌਂਕ, ਸਰਹਾਲੀ ਰੋਡ, ਨੂਰਦੀ ਅੱਡਾ ਚੌਕ, ਸ੍ਰੀ ਦਰਬਾਰ ਸਾਹਿਬ ਚੌਂਕ, ਜੰਡਿਆਲਾ ਬਾਈਪਾਸ ਚੌਂਕ, ਰੇਲਵੇ ਫਾਟਕ ਸ੍ਰੀ ਗੋਇੰਦਵਾਲ ਸਾਹਿਬ, ਰੇਲਵੇ ਫਾਟਕ ਟੱਕਰ ਸਾਹਿਬ, ਥਾਣਾ ਸਦਰ ਰੋਡ ਤਰਨਤਰਨ, ਨਜ਼ਦੀਕ ਥਾਣਾ ਸਿਟੀ ਤਰਨਤਾਰਨ ਰੋਡ ਆਦਿ ਵਿਖੇ ਟ੍ਰੈਫ਼ਿਕ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਜਾਮ ਸਬੰਧੀ ਲੰਮੀਆਂ ਕਤਾਰਾਂ ਵਿਚ ਅਕਸਰ ਐਂਬੂਲੈਂਸ ਵੀ ਕੀੜੀ ਦੀ ਚਾਲ ਚੱਲਦੀ ਨਜ਼ਰ ਆਉਂਦੀ ਹੈ, ਜਿਸ ਨਾਲ ਕਿਸੇ ਮਰੀਜ਼ ਦੀ ਜਾਮ ਦੇ ਚੱਲਦਿਆਂ ਹਸਪਤਾਲ ਵਿਚ ਸਮੇਂ ਸਿਰ ਨਾ ਪਹੁੰਚਣ ਕਰਕੇ ਜਾਨ ਵੀ ਜਾ ਸਕਦੀ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਪਹੁੰਚਣ ਵਾਲੀ ਸੰਗਤ ਨੂੰ ਜਾਮ ਦੇ ਚੱਲਦਿਆਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਕੰਟਰੋਲ ਕਰਨ ਵਿਚ ਟ੍ਰੈਫ਼ਿਕ ਪੁਲਸ ਕੁਝ ਨਰਮ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਸਰਪੰਚ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ: ਵਿਦੇਸ਼ ਬੈਠੇ ਅੰਮ੍ਰਿਤਪਾਲ ਨੇ ਦਿੱਤੀ ਸੀ ਜਾਨੋ ਮਾਰਨ ਦੀ ਧਮਕੀ
ਲੋਕਾਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਕੋਈ ਮੁਸ਼ਕਿਲ ਨਹੀਂ ਆਉਣ ਦਿਆਂਗੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਪੀ. ਟ੍ਰੈਫ਼ਿਕ ਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਟ੍ਰੈਫ਼ਿਕ ਸਮੱਸਿਆ ਤੋਂ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟ੍ਰੈਫ਼ਿਕ ਕਰਮਚਾਰੀਆਂ ਨੂੰ ਵਿਸ਼ੇਸ਼ ਅਭਿਆਨ ਚਲਾਉਂਦੇ ਹੋਏ ਟ੍ਰੈਫ਼ਿਕ ਜਾਮ ਤੋਂ ਨਿਜਾਤ ਦੁਆਉਣ ਸਬੰਧੀ ਆਦੇਸ਼ ਜਾਰੀ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8