ਲੋਕਾਂ ਨੇ ਨਗਰ ਕੌਂਸਲ ਵਿਰੁੱਧ ਕੀਤੀ ਨਾਅਰੇਬਾਜ਼ੀ

10/18/2018 1:00:15 AM

ਧਾਰੀਵਾਲ,  (ਖੋਸਲਾ, ਬਲਬੀਰ)-  ਸਥਾਨਕ ਸ਼ਮਸ਼ਾਨਘਾਟ ਨੇੜੇ ਲੱਗੇ ਗੰਦਗੀ ਦੇ ਢੇਰਾਂ ਦੀ ਬਦਬੂ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਕੌਂਸਲ ਧਾਰੀਵਾਲ ਦੇ ਵਿਰੁੱਧ  ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਯੋਧ ਬਹਾਦਰ ਨੰਦਾ, ਭਾਜਪਾ ਆਗੂ ਗੋਪੀ ਵਰਮਾ, ਅਸ਼ਵਨੀ ਮਹਾਜਨ, ਅਜੈ ਮਹਾਜਨ, ਗੁਰਕੇਵਲ ਸਿੰਘ, ਨਿਸ਼ਾਨ ਸਿੰਘ, ਜਸਬੀਰ ਸਿੰਘ ਟਿਵਾਣਾ, ਅਮਿਤ ਵਰਮਾ, ਮਹਿੰਦਰ ਸਿੰਘ, ਸੋਨੂੰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਲਾਲ ਬਾਗ, ਮੁਹੱਲਾ ਗੋਪਾਲ ਨਗਰ ਵਿਚੋਂ ਇਕੱਠੀਆਂ ਹੋਈਆਂ ਅੌਰਤਾਂ ਨੇ ਨਗਰ ਕੌਂਸਲ ਧਾਰੀਵਾਲ ਵਿਰੁੱਧ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਧਾਰੀਵਾਲ ਵਲੋਂ ਸਥਾਨਕ ਸ਼ਮਸ਼ਾਨਘਾਟ ਨੇੜੇ ਗੰਦਗੀ ਸੁੱਟਣ ਲਈ ਡੰਪ ਬਣਾਇਆ ਹੋਇਆ ਹੈ ਪਰ ਇਹ ਡੰਪ ਪਿਛਲੇ ਲੰਮੇ ਸਮੇਂ ਭਰ ਚੁੱਕਾ ਹੈ, ਜਿਸ ਕਾਰਨ ਡੰਪ ਦੀ ਚਾਰਦੀਵਾਰੀ ਦੇ ਟੁੱਟਣ ਕਾਰਨ ਗੰਦਗੀ ਦੇ ਢੇਰ ਸਡ਼ਕ ਉੱਪਰ ਲੱਗ ਚੁੱਕੇ ਹਨ  ਅਤੇ ਸਡ਼ਕ ਗੰਦਗੀ ਦੇ ਢੇਰਾਂ ਕਰ ਕੇ ਬੰਦ ਹੋ ਗਈ ਹੈ। ਇਨ੍ਹਾਂ ਗੰਦਗੀ ਦੇ ਢੇਰਾਂ ਵਿਚੋਂ  ਆਉਂਦੀ ਬਦਬੂ ਅਤੇ ਮੱਛਰਾਂ ਦੀ ਭਰਮਾਰ ਕਾਰਨ ਮੁਹੱਲਾ ਵਾਸੀਆਂ ਅਤੇ ਰਾਹਗੀਰਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੰਦਗੀ ਦੇ ਢੇਰਾਂ ਕਾਰਨ ਕੋਈ ਭਿਆਨਕ ਬੀਮਾਰੀ ਦੇ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। 
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿਚ ਹੋਏ ਕੁਝ ਸਸਕਾਰਾਂ ਦੇ ਸਮੇਂ ਹਲਕਾ ਵਿਧਾਇਕ ਅਤੇ ਹੋਰ ਕਈ ਸੀਨੀਅਰ ਆਗੂ ਸ਼ਮਸ਼ਾਨਘਾਟ ਪਹੁੰਚਦੇ ਰਹੇ ਹਨ ਪਰ ਕਿਸੇ ਨੇ ਵੀ ਇਸ ਗੰਦਗੀ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਉਹ ਨਗਰ ਕੌਂਸਲ ਵਲੋਂ ਰੋਜ਼ਾਨਾ ਭੇਜੀ ਜਾਂਦੀ ਗੰਦਗੀ ਨਾਲ ਭਰੀ ਟਰਾਲੀ ਨੂੰ ਉਕਤ ਜਗ੍ਹਾ ’ਤੇ ਖਾਲੀ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਿਵਲ ਸਰਜਨ ਗੁਰਦਾਸਪੁਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਮੁਹੱਲੇ ਵਿਚੋਂ ਗੰਦਗੀ ਦੇ ਢੇਰ ਚੁਕਵਾ ਕੇ ਉਨ੍ਹਾਂ ਅਤੇ ਰਾਹਗੀਰਾਂ ਦੀ ਇਸ ਵੱਡੀ ਸਮੱਸਿਆ ਨੂੰ ਦੂਰ ਕੀਤਾ ਜਾਵੇ, ਤਾਂ ਜੋ ਉਹ ਵੀ ਸੁੱਖ ਦਾ ਸਾਹ ਲੈ ਸਕਣ। 
ਗੰਦਗੀ ਨੂੰ ਡੰਪ ਕਰਨ ਲਈ ਨਗਰ ਕੌਂਸਲ ਕੋਲ ਕੋਈ ਹੋਰ ਢੁੱਕਵੀਂ ਜਗ੍ਹਾ ਨਹੀਂ : ਕਾਰਜ ਸਾਧਕ ਅਫਸਰ
ਇਸ ਸਬੰਧੀ ਜਦ ਨਗਰ ਕੌਂਸਲ ਧਾਰੀਵਾਲ ਦੇ ਕਾਰਜ ਸਾਧਕ ਅਫਸਰ ਜਤਿੰਦਰ ਮਹਾਜਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਡ਼ਕ ਉੱਪਰ ਲੱਗੇ ਗੰਦਗੀ ਦੇ ਢੇਰਾਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਸਮੇਂ-ਸਮੇਂ ’ਤੇ ਚੁਕਵਾਇਆ ਜਾਂਦਾ ਹੈ ਪਰ ਗੰਦਗੀ ਨੂੰ ਡੰਪ ਕਰਨ ਲਈ ਨਗਰ ਕੌਂਸਲ ਕੋਲ ਕੋਈ ਹੋਰ ਢੁੱਕਵੀਂ ਜਗ੍ਹਾ ਨਹੀਂ ਹੈ।


Related News