ਲੁਟੇਰੇ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਕਣਕ ਨਾਲ ਭਰਿਆ ਟਰੱਕ ਲੈ ਕੇ ਫਰਾਰ

05/08/2018 4:58:30 PM

ਝਬਾਲ/ਬੀੜ ਸਾਹਿਬ (ਨਰਿੰਦਰ, ਲਾਲੂਘੁੰਮਣ, ਬਖਤਾਵਰ, ਭਾਟੀਆ) : ਪਿੰਡ ਮੀਆਂਪੁਰ ਨਜ਼ਦੀਕ ਛੇਹਰਟਾ ਰੋਡ ਝਬਾਲ ਸਥਿਤ ਟੀ. ਐੱਸ. ਨਾਂ ਦੇ ਇਕ ਨਿੱਜੀ ਗੁਦਾਮ ਚੋਂ ਬੀਤੀ ਰਾਤ ਸ਼ੱਕੀ ਹਲਾਤਾਂ 'ਚ ਕਣਕ ਦੀਆਂ ਬੋਰੀਆਂ ਨਾਲ ਲੱਦਿਆ ਇਕ ਟਰੱਕ ਦੇ ਗਾਇਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੂਜੇ ਪਾਸੇ ਗੁਦਾਮ 'ਚ ਤਾਇਨਾਤ ਚੌਂਕੀਦਾਰਾਂ ਵਲੋਂ 20-25 ਅਣਪਛਾਤੇ ਹਥਿਆਰਬੰਦਾਂ ਵਲੋਂ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਟਰੱਕ ਨੂੰ ਲੈ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦ ਕਿ ਥਾਣਾ ਝਬਾਲ ਦੀ ਪੁਲਸ ਨੇ ਗੁਦਾਮ ਦੇ ਇੰਚਾਰਜ ਅਤੇ ਪਨਸਪ ਖਰੀਦ ਏਜੰਸੀ ਦੇ ਇੰਸਪੈਕਟਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਤਫਤੀਸ਼ ਅਰੰਭ ਦਿੱਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਾਜ਼ ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪਨਸਪ ਵਲੋਂ ਦਾਣਾ ਮੰਡੀ ਢੰਡ ਐੱਸ. ਡੀ ਟ੍ਰੇਡਿੰਗ ਕੰਪਨੀ ਤੋਂ ਖਰੀਦ ਕੀਤੀ ਗਈ ਕਣਕ ਨੂੰ ਟਰੱਕਾਂ 'ਚ ਲੋਡ ਕਰਕੇ ਉਕਤ ਗੁਦਾਮ 'ਚ ਸਟੋਰ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਹੋਰਨਾਂ ਟਰੱਕਾਂ ਸਮੇਤ ਟਰੱਕ ਨੰਬਰ ਪੀ. ਬੀ.11 ਬੀ.ਕੇ.4416 'ਚ ਬੀਤੀ ਸੋਮਵਾਰ ਦੀ ਸ਼ਾਮ ਕਰੀਬ 500 ਬੋਰੀ ਕਣਕ, ਜਿਸ ਦੀ ਕੀਮਤ 5 ਲੱਖ ਰੁਪਏ ਦੇ ਕਰੀਬ ਬਣਦੀ ਹੈ, ਲੋਡ ਕਰਕੇ ਅਣਲੋਡ ਕਰਨ ਲਈ ਉਕਤ ਟਰੱਕ ਦੇ ਡਰਾਈਵਰ ਗੁਰਜੀਤ ਸਿੰਘ ਬਿੱਟੂ ਅਤੇ ਗੁਰਲਾਲ ਸਿੰਘ ਵਲੋਂ ਗੁਦਾਮ 'ਚ ਲਿਆਂਦਾ ਗਿਆ। ਲੇਬਰ ਦੇ ਚਲੇ ਜਾਣ ਕਰਕੇ 2 ਹੋਰ ਟਰੱਕਾਂ ਅਤੇ 2 ਟਰਾਲੀਆਂ, ਟਰੈਕਟਰਾਂ ਸਮੇਤ ਉਕਤ ਟਰੱਕ ਨੂੰ ਗੁਦਾਮ 'ਚ ਖੜਾ ਕਰਾ ਲਿਆ ਗਿਆ ਅਤੇ ਗੁਦਾਮ ਦਾ ਗੇਟ ਬੰਦ ਕਰ ਦਿੱਤਾ ਗਿਆ। ਗੁਦਾਮ ਦੇ ਇੰਚਾਰਜ ਜਸਪਾਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਵਰਨਣ ਕੀਤਾ ਹੈ ਕਿ ਉਸ ਨੂੰ ਗੁਦਾਮ 'ਚ ਤਾਇਨਾਤ ਸੁਰੱਖਿਆ ਚੌਂਕੀਦਾਰ ਸੁਖਵਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਤੜਕਸਾਰ ਫੋਨ ਕੀਤਾ ਗਿਆ ਕਿ ਉਨ੍ਹਾਂ ਨੂੰ ਕੁਝ ਹਥਿਆਰਬੰਦ ਲੋਕਾਂ ਵਲੋਂ ਬੰਧਕ ਬਣਾ ਕੇ ਗੁਦਾਮ 'ਚੋਂ ਕਣਕ ਨਾਲ ਲੱਦਿਆ ਟਰੱਕ ਚੋਰੀ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਸਾਥੀ ਇੰਸਪੈਕਟਰ ਸੁਖਦੀਪ ਸਿੰਘ ਨਾਲ ਗੁਦਾਮ 'ਚ ਸਵੇਰੇ ਕਰੀਬ 4: 44 'ਤੇ ਪੁੱਜੇ ਅਤੇ ਕਮਰੇ ਅੰਦਰ ਬੰਧਕ ਬਣਾਏ ਗਏ ਸੁਰੱਖਿਆ ਚੌਂਕੀਦਾਰਾਂ ਨੂੰ ਬਾਹਰ ਕੱਢਿਆ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦਿਆ ਕਮਰੇ ਅੰਦਰ ਬੰਦ ਕੀਤੇ ਗਏ ਚੌਂਕੀਦਾਰਾਂ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਬਖਸੀਸ਼ ਸਿੰਘ ਤੇ ਅਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਦਾ ਸਮਾਂ ਹੋਵੇਗਾ, 20-25 ਹਥਿਆਰਬੰਦ ਵਿਅਕਤੀ ਗੁਦਾਮ 'ਚ ਦਾਖਲ ਹੋਏ। ਉਨ੍ਹਾਂ 'ਚੋਂ ਇਕ ਵਿਅਕਤੀ ਨੇ ਪਿਸਤੌਲ ਤਾਣ ਕੇ ਉਨ੍ਹਾਂ ਕੋਲੋਂ ਮੋਬਾਇਲ ਖੋਹ ਲਏ ਅਤੇ ਇਕ ਕਮਰੇ 'ਚ ਬੰਦ ਕਰ ਦਿੱਤਾ। ਇਸ ਸਮੇਂ ਉਨ੍ਹਾਂ ਨਾਲ ਇਕ ਹੋਰ ਚੌਂਕੀਦਾਰ ਬਚਿੱਤਰ ਸਿੰਘ ਵੀ ਮੌਜ਼ੂਦ ਸੀ। ਕਮਰੇ ਨੂੰ ਬਾਹਰੋਂ ਬੰਦ ਕਰਕੇ ਉਕਤ ਲੋਕਾਂ ਚੋਂ ਕੁਝ ਲੋਕ ਕਣਕ ਨਾਲ ਲੱਦੇ ਟਰੱਕ ਨੂੰ ਲੈ ਕੇ ਚਲੇ ਗਏ, ਜਦਕਿ ਕੁਝ ਲੋਕ ਸਵੇਰੇ ਪੌਣੇ 4 ਵਜੇ ਦੇ ਕਰੀਬ ਗੁਦਾਮ 'ਚੋਂ ਗਏ। ਚੌਂਕੀਦਾਰਾਂ ਨੇ ਦੱਸਿਆ ਕਿ ਉਕਤ ਲੋਕਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਵਲੋਂ ਬਚਿੱਤਰ ਸਿੰਘ ਦੇ ਮੋਬਾਇਲ ਤੋਂ ਗੁਦਾਮ ਦੇ ਇੰਚਾਰਜ ਨੂੰ ਫੋਨ ਕੀਤਾ ਜੋ ਮੁਬਾਇਲ ਬਚਿੱਤਰ ਸਿੰਘ ਵਲੋਂ ਕਣਕ ਦੀਆਂ ਕਰੇਟਾਂ ਹੇਠ ਛੁਪਾ ਕੇ ਰੱਖਿਆ ਗਿਆ ਸੀ। ਚੌਂਕੀਦਾਰਾਂ ਨੇ ਦੱਸਿਆ ਕਿ ਉਕਤ ਲੋਕ ਉਨ੍ਹਾਂ ਦੇ 4 ਮੋਬਾਇਲ ਅਤੇ 28,80 ਰੁਪਏ ਵੀ ਖੋਹ ਕੇ ਲੈ ਗਏ ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ।
ਯੋਜਨਾਬੱਧ ਢੰਗ ਨਾਲ ਗੁਦਾਮ ਚੋਂ ਗਾਇਬ ਹੋਏ ਟਰੱਕ ਦੀ ਸੱਚਾਈ ਸਾਹਮਣੇ ਲਿਆਵੇ ਪੁਲਸ : ਮੋਨੂੰ ਚੀਮਾ
ਟਰਾਂਸਪੋਟਰ ਮੋਨੂੰ ਚੀਮਾ ਨੇ ਗੁਦਾਮ 'ਚੋਂ ਉਨ੍ਹਾਂ ਦੀ ਟਰਾਂਸਪੋਰਟ ਦੇ ਯੋਜਨਾਬੱਧ ਢੰਗ ਨਾਲ ਗਾਇਬ ਕੀਤੇ ਗਏ ਕਣਕ ਨਾਲ ਭਰੇ ਟਰੱਕ ਦੀ ਸੱਚਾਈ ਪੁਲਸ ਨੂੰ ਜਲਦ ਸਾਹਮਣੇ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੋਕ 1 ਵਜੇ ਤੋਂ ਲੈ ਕੇ ਸਾਢੇ 3 ਵਜੇ ਤੱਕ ਗੁਦਾਮ 'ਚ ਰਹੇ ਹਨ, ਜਿੰਨ੍ਹਾਂ ਦੇ ਫੋਨਾਂ ਦੀ ਲੁਕੇਸ਼ਨ ਪੁਲਸ ਵੱਲੋਂ ਟ੍ਰੇਸ ਕਰਕੇ ਉਨ੍ਹਾਂ ਦੇ ਚਿਹਰੇ ਬੇਨਿਕਾਬ ਕਰਨੇ ਚਾਹੀਦੇ ਹਨ। ਮੋਨੂੰ ਚੀਮਾ ਨੇ ਕਿਹਾ ਕਿ ਟਰੱਕ ਨੂੰ ਗੁਦਾਮ 'ਚੋਂ ਦਲੇਰਨਾਮਾ ਢੰਗ ਨਾਲ ਦੋਸ਼ੀਆਂ ਵਲੋਂ ਲੈ ਕੇ ਜਾਣਾ ਬਹੁਤ ਵੱਡੀ ਘਟਨਾ ਹੈ ਅਤੇ ਪੁਲਸ ਪ੍ਰਸ਼ਾਸਨ ਲਈ ਇਹ ਚੁਣੌਤੀ ਤੋਂ ਘੱਟ ਨਹੀਂ ਹੈ।
ਮਾਮਲਾ ਹੈ ਸ਼ੱਕੀ, ਜਲਦ ਹੋਵੇਗੀ ਸੱਚਾਈ ਸਾਹਮਣੇ : ਐੱਸ. ਐੱਚ. ਓ. ਮਨੋਜ ਕੁਮਾਰ
ਥਾਣਾ ਝਬਾਲ ਦੇ ਮੁੱਖੀ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਹੈ, ਜਿਸ ਦੀ ਪੁਲਸ ਵਲੋਂ ਬਾਰੀਕੀ ਨਾਲ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਪਨਸਪ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਉਨ੍ਹਾਂ ਵਲੋਂ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਾਰਦਾਤ ਦੇ ਹਰ ਪਹਿਲੂ 'ਤੇ ਬਰੀਕੀ ਨਾਲ ਛਾਣਬੀਣ ਆਰੰਭੀ ਗਈ ਹੈ, ਜਲਦ ਹੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।


Related News