ਮਹਾਵਿਕਾਸ ਆਘਾੜੀ ਮਿਲ ਕੇ ਲੜੇਗੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਪਵਾਰ
Sunday, Jun 30, 2024 - 09:05 PM (IST)
ਪੁਣੇ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਮਹਾਵਿਕਾਸ ਅਾਘਾੜੀ ਵਲੋਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ । ਇਸ ’ਚ ਉਨ੍ਹਾਂ ਦੀ ਪਾਰਟੀ, ਕਾਂਗਰਸ ਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਸ਼ਾਮਲ ਹਨ। ਚੋਣਾਂ ਦੇ ਅਕਤੂਬਰ ’ਚ ਹੋਣ ਦੀ ਸੰਭਾਵਨਾ ਹੈ।
ਐਤਵਾਰ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਛੋਟੇ ਸਹਿਯੋਗੀ, ਜੋ ਇਸ ਸਾਲ ਦੀਆਂ ਲੋਕ ਸਭਾ ਚੋਣਾਂ ’ਚ ਗੱਠਜੋੜ ਦਾ ਹਿੱਸਾ ਸਨ, ਦੇ ਹਿੱਤਾਂ ਦੀ ਰੱਖਿਆ ਕਰਨ। ਐੱਨ. ਸੀ. ਪੀ. (ਸ਼ਰਦ ਚੰਦਰ ਪਵਾਰ), ਕਾਂਗਰਸ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਵਿਰੋਧੀ ਧਿਰ ਮਹਾਂ ਵਿਕਾਸ ਆਘਾੜੀ (ਐੱਮ. ਵੀ. ਏ.) ਦਾ ਹਿੱਸਾ ਹਨ।
ਪਵਾਰ ਨੇ ਕਿਹਾ ਕਿ ਵਿਰੋਧੀ ਧਿਰ ਮਹਾਂ ਵਿਕਾਸ ਅਾਘਾੜੀ ਚੋਣਾਂ ’ਚ ਮਹਾਰਾਸ਼ਟਰ ਦੇ ਲੋਕਾਂ ਦੇ ਸਾਹਮਣੇ ਇਕੱਠੀ ਹੋ ਕੇ ਆਵੇਗੀ। ਸੂਬੇ ’ਚ ਤਬਦੀਲੀ ਦੀ ਲੋੜ ਹੈ । ਇਸ ਨੂੰ ਲਿਆਉਣਾ ਵਿਰੋਧੀ ਗਠਜੋੜ ਦੀ ਨੈਤਿਕ ਜ਼ਿੰਮੇਵਾਰੀ ਹੈ। ਜਿਸ ਤਰ੍ਹਾਂ ਮਹਾਭਾਰਤ ’ਚ ਅਰਜੁਨ ਦਾ ਨਿਸ਼ਾਨਾ ਮੱਛੀ ਦੀ ਅੱਖ ਸੀ, ਉਸੇ ਤਰ੍ਹਾਂ ਸਾਡਾ ਨਿਸ਼ਾਨਾ ਮਹਾਰਾਸ਼ਟਰ ਚੋਣਾਂ ਹਨ।