ਚੋਰਾਂ ਨੇ ਦਿਖਾਈ ਦਲੇਰੀ, ਇਕੋ ਰਾਤ 5 ਘਰਾਂ ਨੂੰ ਬਣਾਇਆ ਨਿਸ਼ਾਨਾ

Tuesday, Jun 12, 2018 - 12:18 PM (IST)

ਚੋਹਲਾ ਸਾਹਿਬ (ਨਈਅਰ) : ਬੀਤੀ ਰਾਤ ਇੱਥੋਂ ਦੇ ਧੁੰਨ ਢਾਏ ਵਾਲਾ ਰੋਡ ਵਿਖੇ ਚੋਰਾਂ ਨੇ ਆਪਣੀ ਦਲੇਰੀ ਦਿਖਾਉਂਦੇ ਹੋਏ ਇਕੋ ਰਾਤ 'ਚ ਪੰਜ ਵੱਖ-ਵੱਖ ਘਰਾਂ 'ਚ ਦਾਖਲ ਹੋ ਕੇ ਸੋਨੇ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ, ਜਿਸ ਦਾ ਪਤਾ ਪਰਿਵਾਰ ਵਾਲਿਆਂ ਨੂੰ ਸਵੇਰੇ ਉੱਠਣ ਤੋਂ ਬਾਅਦ ਲੱਗਾ। ਇਨ੍ਹਾਂ ਚੋਰੀਆਂ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਕੱਤਰ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਚੋਹਲਾ ਸਾਹਿਬ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਰਾਤ ਨੂੰ ਘਰ 'ਚ ਸੁੱਤਾ ਹੋਇਆ ਸੀ। ਸਵੇਰੇ ਜਦ ਉਹ ਉਠੇ ਤਾਂ ਦੇਖਿਆ ਕਿ ਇਕ ਕਮਰੇ ਦੀ ਖਿੜਕੀ ਜੋ ਬਾਹਰ ਖੇਤਾਂ ਵੱਲ ਨੂੰ ਖੁੱਲ੍ਹਦੀ ਹੈ, ਦੀਆਂ ਸੀਖਾਂ ਟੁੱਟੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਇਕ ਕਮਰੇ 'ਚ ਪਈ ਲੋਹੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਤੇ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ, ਜਦ ਅਲਮਾਰੀ 'ਚ ਰੱਖੇ ਗਏ ਸਾਮਾਨ ਦੀ ਜਾਂਚ ਕੀਤੀ ਤਾਂ ਪਰਿਵਾਰ ਦੇ ਹੋਸ਼ ਉੱਡ ਗਏ ਕਿਉਂਕਿ ਅਲਮਾਰੀ 'ਚ ਰੱਖੇ ਚਾਰ ਤੋਲੇ ਦੇ ਗਹਿਣੇ ਤੇ 10 ਹਜ਼ਾਰ ਰੁਪਏ ਨਕਦ ਗਾਇਬ ਸਨ।

PunjabKesari
ਇਸੇ ਤਰ੍ਹਾਂ ਨੇੜਲੇ ਘਰ 'ਚ ਰਹਿਣ ਵਾਲੇ ਹਰਦੇਵ ਸਿੰਘ ਪੁੱਤਰ ਸੇਵਾ ਸਿੰਘ ਦਾ ਪਰਿਵਾਰ ਵੀ ਸਵੇਰੇ ਜਦ ਉੱਠਿਆ ਤਾਂ ਦੇਖਿਆ ਕਿ ਇਕ ਕਮਰੇ ਵਿਚਲਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਤੇ ਅਲਮਾਰੀ ਖੁੱਲ੍ਹੀ ਹੋਈ ਸੀ ਜਦ ਉਨ੍ਹਾਂ ਜਾਂਚ ਕੀਤੀ ਤਾਂ ਅਲਮਾਰੀ 'ਚ ਰੱਖੇ ਹੋਏ 50 ਹਜ਼ਾਰ ਰੁਪਏ ਨਕਦ ਅਤੇ ਤਿੰਨ ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਗਾਇਬ ਸਨ।
ਇਸੇ ਤਰ੍ਹਾਂ ਅਮਨਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਦੇ ਘਰ 'ਚ ਵੀ ਦੋ ਸੋਨੇ ਦੀਆਂ ਮੁੰਦਰੀਆਂ ਤੇ 15 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਲੈ ਗਏ ਜਦਕਿ ਉਸ ਦੇ ਦੂਜੇ ਭਰਾ ਭੁਪਿੰਦਰਜੀਤ ਸਿੰਘ ਦੇ ਘਰ 'ਚੋਂ ਵੀ ਅਲਮਾਰੀ 'ਚ ਪਏ 27 ਹਜ਼ਾਰ ਰੁਪਏ ਚੋਰੀ ਕਰ ਲਏ। ਇਸ ਤੋਂ ਇਲਾਵਾ ਇਹ ਚੋਰ ਬਹਾਦਰ ਸਿੰਘ ਪੁੱਤਰ ਸੂਰਤਾ ਸਿੰਘ ਦੇ ਘਰ ਵੀ ਦਾਖਲ ਹੋਏ ਪਰ ਉਨ੍ਹਾਂ ਦਾ ਸਾਮਾਨ ਚੋਰੀ ਹੋਣ ਤੋਂ ਬਚ ਗਿਆ। ਇਕੋ ਰਾਤ 'ਚ ਹੀ ਚੋਰਾਂ ਵੱਲੋਂ ਬੇਖੌਫ ਹੋ ਕੇ ਵੱਖ-ਵੱਖ ਘਰਾਂ 'ਚ ਕੀਤੀਆਂ ਗਈਆਂ ਚੋਰੀਆਂ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਦਾ ਪਤਾ ਲੱਗਦੇ ਹੀ ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫਸਰ ਐੱਸ. ਐੱਚ. ਓ. ਸੁਖਰਾਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


Related News