ਜ਼ਿਲ੍ਹੇ ’ਚ 6 ਦਿਨਾਂ ਤੋਂ ਇੰਟਰਨੈੱਟ ਸੇਵਾ ਪ੍ਰਭਾਵਿਤ ਹੋਣ ਕਾਰਨ ਡਰੋਨ ''ਤੇ ਪਈ ਲਗਾਮ, ਬੱਚੇ ਕਰ ਰਹੇ ਰਾਹਤ ਮਹਿਸੂਸ

03/24/2023 11:43:23 AM

ਤਰਨਤਾਰਨ (ਰਮਨ)- ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੰਦ ਪਈ ਇੰਟਰਨੈੱਟ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿਖੇ ਬੀਤੇ ਲਗਾਤਾਰ 6 ਦਿਨਾਂ ਤੋਂ ਇੰਟਰਨੈਟ ਸੇਵਾ ਬੰਦ ਰਹਿਣ ਕਾਰਨ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਭੇਜੇ ਜਾਂਦੇ ਡਰੋਨਾਂ ਦੀ ਗਤੀਵਿਧੀ ਉੱਪਰ ਨੱਥ ਪੈਂਦੀ ਨਜ਼ਰ ਆ ਰਹੀ ਹੈ, ਕਿਉਂਕਿ ਪਾਕਿਸਤਾਨ ਵਿਚ ਬੈਠੇ ਤਸਕਰਾਂ ਵਲੋਂ ਸਰਹੱਦੀ ਜ਼ਿਲ੍ਹੇ ਨਾਲ ਸਬੰਧਿਤ ਸਮੱਗਲਰਾਂ ਨਾਲ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਵਟਸਐੱਪ ਕਾਲ ਰਾਹੀਂ ਨਸ਼ੀਲੇ ਪਦਾਰਥ, ਹਥਿਆਰ ਅਤੇ ਹੋਰ ਸਮੱਗਰੀ ਦੀਆਂ ਖੇਪਾਂ ਮੰਗਵਾਈਆਂ ਜਾਂਦੀਆਂ ਸਨ। ਜ਼ਿਕਰਯੋਗ ਹੈ ਕਿ ਇੰਟਰਨੈਟ ਸੇਵਾ ਪ੍ਰਭਾਵਿਤ ਹੋਣ ਕਰਕੇ ਜਿੱਥੇ ਵਪਾਰਕ ਅਦਾਰਿਆਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਨਜ਼ਰ ਆਇਆ ਹੈ ਉੱਥੇ 24 ਘੰਟੇ ਸੋਸ਼ਲ ਮੀਡੀਆ, ਵੀਡੀਓ ਗੇਮਾਂ ਨਾਲ ਜੁੜੇ ਰਹਿਣ ਵਾਲੇ ਲੋਕ ਅਤੇ ਬੱਚੇ ਆਪਣੇ-ਆਪ ਵਿਚ ਕਾਫ਼ੀ ਰਾਹਤ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਡਰੋਨ ਰਾਹੀਂ ਸਰਹੱਦ ਪਾਰ ਸੁੱਟੇ ਹਥਿਆਰ

PunjabKesari

ਪੰਜਾਬ ਵਿਚ ਬਣੇ ਮਾਹੌਲ ਦੌਰਾਨ ਪੁਲਸ ਪ੍ਰਸ਼ਾਸਨ ਵਲੋਂ ਜਿੱਥੇ ਬੀਤੇ ਸ਼ਨੀਵਾਰ ਤੋਂ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਰਾਹਤ ਦਿੰਦੇ ਹੋਏ ਇਹ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇੰਟਰਨੈਟ ਸੇਵਾ ਬੰਦ ਹੋਣ ਕਾਰਨ ਪਾਰਕ ਅਦਾਰਿਆਂ ਨੂੰ ਲੈਣ-ਦੇਣ ਕਰਨ ਦੌਰਾਨ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇੰਨਾ ਹੀ ਨਹੀਂ ਇਸ ਇੰਟਰਨੈੱਟ ਸੇਵਾ ਨਾਲ ਜੁੜੀਆਂ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਘਰਾਂ ਵਿਚ ਪਹੁੰਚਾਉਣ ਵਾਲੀਆਂ ਕੰਪਨੀਆਂ ਨੂੰ ਵੀ ਕਾਫ਼ੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਸਰਕਾਰਾਂ ਵਲੋਂ ਲੋਕਾਂ ਨੂੰ ਭੁਗਤਾਨ ਕਰਨ ਦੌਰਾਨ ਈ-ਪੇਮੈਂਟ ਕਰਨ ਸਬੰਧੀ ਪਾਈਆਂ ਗਈਆਂ ਆਦਤਾਂ ਤੋਂ ਬਾਅਦ ਇੰਟਰਨੈੱਟ ਸੇਵਾ ਪ੍ਰਭਾਵਿਤ ਹੋਣ ਕਾਰਨ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ। ਇੰਟਰਨੈੱਟ ਸੇਵਾ ਬੰਦ ਰਹਿਣ ਦੌਰਾਨ 24 ਘੰਟੇ ਸੋਸ਼ਲ ਮੀਡੀਆ ਅਤੇ ਵੀਡੀਓ ਗੇਮ ਵਿਚ ਮਸ਼ਰੂਫ ਰਹਿਣ ਵਾਲੇ ਬੱਚੇ ਖੁੱਲ੍ਹੀਆਂ ਗਰਾਊਂਡਾਂ ਵਿਚ ਖੇਡਾਂ ਖੇਡਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਵੱਡੀ ਉਮਰ ਵਾਲੇ ਲੋਕ ਇੰਟਰਨੈੱਟ ਸੇਵਾ ਬੰਦ ਹੋਣ ਕਾਰਨ ਮਾਨਸਿਕ ਤੌਰ 'ਤੇ ਕਾਫ਼ੀ ਜ਼ਿਆਦਾ ਰਾਹਤ ਵੀ ਮਹਿਸੂਸ ਕਰਦੇ ਵੇਖੇ ਜਾ ਰਹੇ ਹਨ।

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਦੂਜੇ ਪਾਸੇ ਇੰਟਰਨੈੱਟ ਦੀ ਸੇਵਾ ਦਾ ਲਾਭ ਲੈਣ ਵਾਲੇ ਪਾਕਿਸਤਾਨ ਵਿਚ ਬੈਠੇ ਤਸਕਰ ਵੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਪਾਏ। ਜਿਸ ਦੌਰਾਨ ਬੀਤੀ 7 ਮਾਰਚ ਤੋਂ ਬਾਅਦ ਹੁਣ ਤੱਕ ਭਾਰਤੀ ਖ਼ੇਤਰ ਵਿਚ ਡਰੋਨ ਦੀ ਕੋਈ ਵੀ ਦਸਤਕ ਨਹੀਂ ਦਿੱਤੀ ਗਈ ਹੈ। ਇਸ ਇੰਟਰਨੈੱਟ ਸੇਵਾ ਦੀ ਪ੍ਰਭਾਵਿਤ ਰਹਿਣ ਕਾਰਨ ਸਰਹੱਦ ਉੱਪਰ ਤਾਇਨਾਤ ਬੀ.ਐੱਸ.ਐੱਫ਼ ਅਤੇ ਪੰਜਾਬ ਪੁਲਸ ਵੀ ਕਾਫ਼ੀ ਜ਼ਿਆਦਾ ਰਾਹਤ ਮਹਿਸੂਸ ਕਰ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਵਿਚ ਬੀਤੇ 6 ਦਿਨਾਂ ਤੋਂ ਲਗਾਤਾਰ ਇੰਟਰਨੈਟ ਸੇਵਾ ਵੀਰਵਾਰ ਰਾਤ ਤੱਕ ਬੰਦ ਰਹੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੰਦ ਕੀਤੀ ਗਈ ਇੰਟਰਨੈੱਟ ਸੇਵਾ ਦੌਰਾਨ ਜ਼ਿਲ੍ਹੇ ਵਿਚ ਅਮਨ-ਕਾਨੂੰਨ ਅਤੇ ਸ਼ਾਂਤੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਬਰਕਰਾਰ ਰੱਖਣ ਸਬੰਧੀ ਅਪੀਲ ਵੀ ਕੀਤੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News