ਕੈਪਟਨ ਸਰਕਾਰ ਨੇ ਜਨਾਨੀਆਂ ਦਾ ਬੱਸ ਕਿਰਾਇਆ ਮੁਆਫ਼ ਕਰ ਕੇ ਬਣਾਇਆ ਅਪ੍ਰੈਲ ਫੂਲ : ਵੇਰਕਾ, ਗੁੰਮਟਾਲਾ

Wednesday, Apr 07, 2021 - 12:02 PM (IST)

ਕੈਪਟਨ ਸਰਕਾਰ ਨੇ ਜਨਾਨੀਆਂ ਦਾ ਬੱਸ ਕਿਰਾਇਆ ਮੁਆਫ਼ ਕਰ ਕੇ ਬਣਾਇਆ ਅਪ੍ਰੈਲ ਫੂਲ : ਵੇਰਕਾ, ਗੁੰਮਟਾਲਾ

ਅੰਮ੍ਰਿਤਸਰ (ਅਨਜਾਣ)-ਗੁੰਮਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੋਨੂੰ ਸਰਕਾਰੀਆ ਦੀ ਅਗਵਾਈ ’ਚ ਅਕਾਲੀ ਦਲ ਦੇ ਹਲਕਾ ਪੱਛਮੀ ਇੰਚਾਰਜ ਡਾ. ਦਲਬੀਰ ਸਿੰਘ ਵੇਰਕਾ ਅਤੇ ਪਾਰਟੀ ਵਰਕਰਾਂ ’ਚ ਇਕ ਹੰਗਾਮੀ ਮੀਟਿੰਗ ਹਈ। ਇਸ ਮੌਕੇ ਸਾਬਕਾ ਕੌਂਸਲਰ ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਜਸਕਰਨ ਸਿੰਘ ਤੇ ਬਲਜਿੰਦਰ ਸਿੰਘ ਨੇ ਸ਼ਿਰਕਤ ਕੀਤੀ। ਗੁੰਮਟਾਲਾ ਹਲਕੇ ਦੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਡਾ. ਵੇਰਕਾ ਨਾਲ ਸਾਂਝੀਆਂ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਦਲਬੀਰ ਸਿੰਘ ਵੇਰਕਾ, ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਜਸਕਰਨ ਸਿੰਘ ਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਏਜੰਡਾ ਹਮੇਸ਼ਾ ਵਿਕਾਸ ਸਬੰਧੀ ਰਿਹਾ ਹੈ ਤੇ ਕੈਪਟਨ ਸਾਹਿਬ ਦਾ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾ ਕੇ ਮੁੱਕਰ ਜਾਣ ਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਸ ਸਾਲਾਂ ਦੇ ਰਾਜ ’ਚ ਸੜਕਾਂ, ਪੁਲ, ਗਲੀਆਂ, ਬਾਜ਼ਾਰ, ਸੀਵਰੇਜ, ਪਾਣੀ ਤੇ ਬਿਜਲੀ ਪੱਖੋਂ ਬਹੁਤ ਵਿਕਾਸ ਕਰਵਾਏ। ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸਹੂਲਤਾਂ ਕਿਸਾਨਾਂ ਨੂੰ ਬਾਦਲ ਸਾਹਿਬ ਦੇ ਰਾਜ ’ਚ ਮਿਲੀਆਂ।

ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਅੰਨਦਾਤਾ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਰੁਲ ਰਿਹਾ ਹੈ ਤੇ ਬਹੁਤ ਵੱਡੀ ਗਿਣਤੀ ’ਚ ਕਿਸਾਨ ਸ਼ਹੀਦੀਆਂ ਪਾ ਗਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਜੇ ਖੇਤੀਬਾੜੀ ਨੂੰ ਲੈ ਲਈਏ ਤਾਂ ਕਹਾਂਗਾ ਕਿ ਜੇਕਰ ਬਾਦਲ ਸਾਹਿਬ ਨਹੀਂ ਤਾਂ ਖੇਤੀਬਾੜੀ ਨਹੀਂ। ਬਾਦਲ ਸਾਹਿਬ ਨੇ ਜੋ ਰੋਲ ਖੇਤੀਬਾੜੀ ’ਚ ਨਿਭਾਇਆ, ਉਸ ਨੂੰ ਪੂਰਾ ਪੰਜਾਬ ਭਲੀਭਾਂਤ ਜਾਣਦਾ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ’ਚ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਬਾਦਲ ਸਾਹਿਬ ਦਾ ਇਹ ਵਾਅਦਾ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਪੰਜਾਬ ਦੀਆਂ ਬਰੂਹਾਂ ਨਹੀਂ ਟੱਪਣ ਦਿੱਤੀਆਂ ਜਾਣਗੀਆਂ ਤੇ ਇਨ੍ਹਾਂ ਨੂੰ ਸਿਰੇ ਤੋਂ ਨਕਾਰ ਕੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਜਾਣਗੇ। ਕੈਪਟਨ ਸਾਹਿਬ ਨੇ ਜਨਾਨੀਆਂ ਦਾ ਸਰਕਾਰੀ ਬੱਸਾਂ ’ਚ ਕਿਰਾਇਆ ਮੁਆਫ਼ ਕਰ ਕੇ ਐਪ੍ਰਲ ਫੂਲ ਬਣਾਇਆ ਹੈ। ਸੋਨੂੰ ਸਰਕਾਰੀਆਂ ਨੇ ਆਏ ਮੁੱਖ ਮਹਿਮਾਨਾਂ ਤੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕੇ। ਇਸ ਮੌਕੇ ਸੁਰਜੀਤ ਕੌਰ, ਜਸਬੀਰ ਸਿੰਘ, ਸਿਮਰਨ ਤੇ ਹਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।


author

Anuradha

Content Editor

Related News