ਵੱਟ ਦੇ ਰੌਲੇ ਪਿੱਛੇ ਚੱਲੀਆਂ ਗੋਲ਼ੀਆਂ, ਦਾਦੇ-ਪੋਤੇ ਨੇ ਭੱਜ ਕੇ ਬਚਾਈ ਜਾਨ, ਦਾੜ੍ਹੀ-ਕੇਸਾਂ ਦੀ ਕੀਤੀ ਬੇਅਦਬੀ

Monday, Nov 28, 2022 - 10:52 AM (IST)

ਵੱਟ ਦੇ ਰੌਲੇ ਪਿੱਛੇ ਚੱਲੀਆਂ ਗੋਲ਼ੀਆਂ, ਦਾਦੇ-ਪੋਤੇ ਨੇ ਭੱਜ ਕੇ ਬਚਾਈ ਜਾਨ, ਦਾੜ੍ਹੀ-ਕੇਸਾਂ ਦੀ ਕੀਤੀ ਬੇਅਦਬੀ

ਤਰਨਤਾਰਨ (ਜ.ਬ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਸਾਂਝੀ ਵੱਟ ਦੇ ਝਗੜੇ ਦੇ ਚੱਲਦਿਆਂ ਦਾਦੇ ਅਤੇ ਪੋਤਰੇ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਅਤੇ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਮੁਖਤਾਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਭੱਠਲ ਭਾਈਕੇ ਨੇ ਦੱਸਿਆ ਕਿ ਉਸ ਦੀ ਉਮਰ 70 ਸਾਲ ਹੈ ਅਤੇ ਉਨ੍ਹਾਂ ਦਾ ਜਗਦੀਸ਼ ਸਿੰਘ ਅਤੇ ਦਿਲਬਾਗ ਸਿੰਘ ਨਾਲ ਸਾਂਝੀ ਵੱਟ ਦਾ ਝਗੜਾ ਚੱਲਦਾ ਹੈ। ਕਰੀਬ 1 ਸਾਲ ਪਹਿਲਾਂ ਸਾਡੇ ਪਿੰਡ ਦੀ ਪੰਚਾਇਤ ਨੇ ਸਾਂਝੀ ਵੱਟ ਦਾ ਝਗੜਾ ਮੁਕਾਉਣ ਲਈ ਜ਼ਮੀਨ ਦੀ ਮਿਣਤੀ ਕਰਵਾਈ ਤਾਂ ਵੱਟ ਦਿਲਬਾਗ ਸਿੰਘ ਦੀ ਜ਼ਮੀਨ ’ਚ ਕਰੀਬ ਢਾਈ ਫੁੱਟ ਅੰਦਰ ਚਲੀ ਗਈ, ਜਿਸ ’ਤੇ ਪੰਚਾਇਤ ਨੇ ਵੱਟ ਬਣਾ ਕੇ ਬੁਰਜੀਆਂ ਲਗਵਾ ਦਿੱਤੀਆਂ ਸਨ ਪਰ ਉਕਤ ਵਿਅਕਤੀ ਸਾਡੇ ਨਾਲ ਰੰਜਿਸ਼ ਰੱਖਦੇ ਸਨ ਅਤੇ ਧਮਕੀ ਦਿੰਦੇ ਸਨ ਕਿ ਕਿਸੇ ਦਿਨ ਤੁਹਾਨੂੰ ਇਸ ਦਾ ਸਬਕ ਜ਼ਰੂਰ ਸਿਖਾਵਾਂਗੇ।

ਇਹ ਵੀ ਪੜ੍ਹੋ- ਨਸ਼ੀਲੀਆਂ ਗੋਲੀਆਂ ਅਤੇ ਨਕਦੀ ਸਮੇਤ ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ

ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਜਦ ਉਹ ਅਤੇ ਉਸ ਦਾ ਪੋਤਰਾ ਮਨਦੀਪ ਸਿੰਘ ਖੇਤਾਂ ’ਚ ਕੰਮ ਕਰ ਰਹੇ ਸਨ ਤਾਂ ਉਕਤ ਵਿਅਕਤੀਆਂ ਹਥਿਆਰਾਂ ਨਾਲ ਲੈਸ ਹੋ ਕੇ ਆਏ ਵੱਟ ਢਾਹੁਣੀ ਸ਼ੁਰੂ ਕਰ ਦਿੱਤੀ। ਜਦ ਮੈਂ ਉਸ ਨੂੰ ਰੋਕਿਆ ਤਾਂ ਵਿਅਕਤੀਆਂ ਨੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦ ਉਸ ਦਾ ਪੋਤਰਾ ਮਨਦੀਪ ਸਿੰਘ ਛੁਡਾਉਣ ਲਈ ਅੱਗੇ ਆਇਆ ਤਾਂ ਜਗਦੀਸ਼ ਸਿੰਘ ਨੇ ਆਪਣੀ ਰਾਈਫ਼ਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਿਸ ’ਤੇ ਉਨ੍ਹਾਂ ਨੇ ਲੁਕ ਕੇ ਆਪਣੀ ਜਾਨ ਬਚਾਈ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਸਬੰਧੀ ਏ. ਐੱਸ. ਆਈ. ਹਰਦਿਆਲ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਜਗਦੀਸ਼ ਸਿੰਘ ਪੁੱਤਰ ਦਿਲਬਾਗ ਸਿੰਘ, ਚਰਨਜੀਤ ਕੌਰ ਪਤਨੀ ਦਿਲਬਾਗ ਸਿੰਘ ਅਤੇ ਦਿਲਬਾਗ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀਆਨ ਭੱਠਲ ਭਾਈਕੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Shivani Bassan

Content Editor

Related News