ਸਰੱਹਦੀ ਖੇਤਰ ’ਚ ਮੈਡੀਕਲ ਮੋਬਾਇਲ ਵੈਨ ’ਚ MBBS ਦੀ ਥਾਂ ਆਯੁਰਵੈਦ ਡਾਕਟਰ ਕਰ ਰਹੇ ਨੇ ਮਰੀਜ਼ਾਂ ਦਾ ਇਲਾਜ
Wednesday, Apr 20, 2022 - 01:27 PM (IST)

ਤਰਨਤਾਰਨ (ਰਮਨ) - ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਚਲਾਈ ਮੋਬਾਇਲ ਮੈਡੀਕਲ ਯੂਨਿਟ ਵੈਨ ’ਚ ਐਕਸ-ਰੇ ਮਸ਼ੀਨ ਪਿਛਲੇ ਕਰੀਬ 4 ਸਾਲਾਂ ਤੋਂ ਖ਼ਰਾਬ ਚੱਲ ਰਹੀ ਹੈ। ਉਥੇ ਇਕ ਸਾਲ ਤੋਂ ਸਟਾਫ ਨਰਸ ਅਤੇ 2 ਮਹੀਨਿਆਂ ਤੋਂ ਮੈਡੀਕਲ ਅਫ਼ਸਰ ਦੀ ਪੋਸਟ ਖਾਲੀ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਵੱਲੋਂ ਇਸ ਵੈਨ ਵਿਚ ਮੈਡੀਕਲ ਅਫ਼ਸਰ ਐੱਮ. ਬੀ. ਬੀ. ਐੱਸ. ਡਾਕਟਰ ਦੀ ਬਜਾਏ ਆਯੁਰਵੈਦਿਕ ਮੈਡੀਕਲ ਅਫ਼ਸਰ ਨੂੰ ਤਾਇਨਾਤ ਕਰਦੇ ਹੋਏ ਮਰੀਜ਼ਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜੋ ਨਿਯਮਾਂ ਅਨੁਸਾਰ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਅੰਗਰੇਜ਼ੀ ਦਵਾਈ ਨਹੀਂ ਲਿਖ ਸਕਦੇ ਹਨ।
ਜਾਣਕਾਰੀ ਅਨੁਸਾਰ ਨੈਸ਼ਨਲ ਹੈਲਥ ਮਿਸ਼ਨ ਅਧੀਨ ਸਰਹੱਦੀ ਇਲਾਕਿਆਂ, ਜਿਨ੍ਹਾਂ ’ਚ ਵਲਟੋਹਾ, ਖੇਮਕਰਨ, ਖਾਲੜਾ, ਭਿੱਖੀਵਿੰਡ ਅਮਰਕੋਟ ਆਦਿ ਸ਼ਾਮਲ ਹਨ, ਅਧੀਨ ਆਉਂਦੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਲਈ ਮੋਬਾਇਲ ਮੈਡੀਕਲ ਵੈਨ ਸ਼ੁਰੂ ਕੀਤੀ ਗਈ ਸੀ। ਇਸ ਵਿਚ ਇਕ ਐੱਮ. ਬੀ. ਬੀ. ਐੱਸ. ਡਾਕਟਰ, ਇਕ ਸਟਾਫ ਨਰਸ, ਇਕ ਲੈਬਾਰਟਰੀ ਟੈਕਨੀਸ਼ੀਅਨ, ਇਕ ਰੇਡੀਓਗ੍ਰਾਫਰ, ਇਕ ਦਰਜਾ ਚਾਰ ਅਤੇ ਇਕ ਡਰਾਈਵਰ ਮੌਜੂਦ ਹੁੰਦਾ ਹੈ। ਸਰਹੱਦੀ ਇਲਾਕੇ ਵਿਚ ਚੱਲ ਰਹੀ ਇਸ ਵੈਨ ’ਚ ਰੇਡੀਓਗ੍ਰਾਫਰ ਤਾਂ ਮੌਜੂਦ ਹੈ ਪਰ ਪਿਛਲੇ ਕਰੀਬ 4 ਸਾਲਾਂ ਤੋਂ ਵੈਨ ਵਿਚ ਲੱਗੀ ਐਕਸ-ਰੇ ਮਸ਼ੀਨ ਖ਼ਰਾਬ ਚੱਲ ਰਹੀ ਹੈ। ਇਸੇ ਤਰ੍ਹਾਂ ਪਿਛਲੇ ਇਕ ਸਾਲ ਤੋਂ ਜਿੱਥੇ ਸਟਾਫ ਨਰਸ ਦੀ ਪੋਸਟ ਖਾਲੀ ਨਜ਼ਰ ਆ ਰਹੀ ਹੈ, ਉਥੇ ਪਿਛਲੇ ਕਰੀਬ 3 ਮਹੀਨਿਆਂ ਤੋਂ ਐੱਮ. ਬੀ. ਬੀ. ਐੱਸ. ਡਾਕਟਰ ਦੀ ਪੋਸਟ ਖਾਲੀ ਹੋ ਚੁੱਕੀ ਹੈ।
ਸਰਹੱਦੀ ਇਲਾਕੇ ਵਿਚ ਰਹਿੰਦੇ ਮਰੀਜ਼ਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਇਹ ਵੈਨ ਰੋਜ਼ਾਨਾ ਸੀ. ਐੱਚ. ਸੀ. ਸੁਰਸਿੰਘ ਤੋਂ ਰਵਾਨਾ ਹੁੰਦੀ ਹੈ, ਜੋ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਲਈ ਪੁੱਜਦੀ ਹੈ। ਸੂਤਰਾਂ ਅਨੁਸਾਰ ਇਹ ਵੈਨ ਕਰੀਬ ਕੁਝ ਘੰਟੇ ਕੰਮ ਕਰਨ ਤੋਂ ਬਾਅਦ ਆਪਣੀ ਤੈਅ ਜਗ੍ਹਾ ਤੋਂ ਖਿਸਕ ਜਾਂਦੀ ਹੈ, ਜਿਸ ਨਾਲ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰੇਨੂੰ ਭਾਟੀਆ ਵੱਲੋਂ ਪਿਛਲੇ ਕਈ ਦਿਨਾਂ ਤੋਂ ਐੱਮ. ਬੀ. ਬੀ. ਐੱਸ. ਡਾਕਟਰ ਜੋ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ, ਦੇ ਫਰਵਰੀ ਮਹੀਨੇ ਦੌਰਾਨ ਸੇਵਾਮੁਕਤ ਹੋਣ ਕਾਰਨ ਖਾਲੀ ਪਈ ਪੋਸਟ ਨੂੰ ਪੂਰਾ ਕਰਨ ਲਈ ਆਯੁਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਸਿਵਲ ਸਰਜਨ ਵੱਲੋਂ ਆਯੁਰਵੈਦਿਕ ਮੈਡੀਕਲ ਅਫ਼ਸਰ ਜੋ ਸਿਰਫ਼ ਆਯੁਰਵੈਦਿਕ ਦਵਾਈਆਂ ਨਾਲ ਸਬੰਧ ਰੱਖਦੇ ਹਨ, ਵੱਲੋਂ ਸਰਹੱਦੀ ਇਲਾਕਿਆਂ ਵਿਚ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਅੰਗਰੇਜ਼ੀ ਦਵਾਈਆਂ ਦਿੰਦੇ ਨਜ਼ਰ ਆ ਰਹੇ ਹਨ। ਸਿਹਤ ਵਿਭਾਗ ਦੀ ਜੇ ਮੰਨੀਏ ਤਾਂ ਐੱਮ. ਬੀ. ਬੀ. ਐੱਸ. ਡਾਕਟਰ ਦੀ ਜਗ੍ਹਾ ਆਯੁਰਵੈਦਿਕ ਡਾਕਟਰ ਆਪਣੀ ਡਿਊਟੀ ਨਹੀਂ ਨਿਭਾਅ ਸਕਦੇ ਹਨ ਪਰ ਜ਼ਿਲ੍ਹੇ ਵਿਚ ਤਾਇਨਾਤ ਕੀਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਜਿੱਥੇ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ, ਉਥੇ ਸਰਹੱਦੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਜਦੋਂ ਇਸ ਸਬੰਧੀ ਸਿਵਲ ਸਰਜਨ ਡਾ. ਰੇਨੂੰ ਭਾਟੀਆ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੁਣੇ ਆਇਆ ਹੈ, ਜਿਸ ਦੀ ਉਹ ਜ਼ਿਲ੍ਹੇ ਦੇ ਸਿਵਲ ਸਰਜਨ ਤੋਂ ਰਿਪੋਰਟ ਲੈਣਗੇ। ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕੇ ’ਚ ਸਿਹਤ ਸਹੂਲਤਾਂ ਨੂੰ ਠੀਕ ਕਰਨ ਲਈ ਵਿਭਾਗ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਮੋਬਾਇਲ ਵੈਨ ਅੰਦਰ ਖਰਾਬ ਐਕਸ-ਰੇ ਅਤੇ ਸਟਾਫ ਦੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ। ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਆਯੁਰਵੈਦ ਮੈਡੀਕਲ ਅਫ਼ਸਰ ਤਾਇਨਾਤ ਕੀਤੇ ਗਏ ਹੋ ਸਕਦੇ ਹਨ।