2019 ਦੌਰਾਨ ਬਟਾਲਾ ਪੁਲਸ ਵੱਲੋਂ 363 ਮਾਮਲਿਆਂ ਤਹਿਤ 445 ਨਸ਼ੇ ਦੇ ਕਾਰੋਬਾਰੀ ਗ੍ਰਿਫ਼ਤਾਰ

12/31/2019 8:14:47 PM

ਬਟਾਲਾ, (ਬੇਰੀ, ਮਠਾਰੂ)- ਸਾਲ 2019 ਦੌਰਾਨ ਜ਼ਿਲਾ ਪੁਲਸ ਬਟਾਲਾ ਨੇ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਡੈਪੋ ਮਿਸ਼ਨ ਤਹਿਤ ਨਸ਼ਿਆਂ ਖਿਲਾਫ ਵੀ ਕਾਰਗਾਰ ਮੁਹਿੰਮ ਚਲਾਈ ਹੈ, ਉੱਥੇ ਇਸ ਸਾਲ ਵੱਡੀ ਗਿਣਤੀ ’ਚ ਨਸ਼ੇ ਦੇ ਕਾਰੋਬਾਰ ’ਚ ਜੁੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਵੀ ਭੇਜਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋਡ਼ਨ ਲਈ ਸਾਲ-2019 ਦੌਰਾਨ ਪੂਰੀ ਚੌਕਸੀ ਰੱਖਦਿਆਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੁੱਲ 363 ਮਾਮਲੇ ਦਰਜ ਕੀਤੇ ਗਏ ਅਤੇ 445 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਲ 2019 ਦੌਰਾਨ ਬਟਾਲਾ ਪੁਲਸ ਨੇ 2 ਕਿਲੋ 201 ਗ੍ਰਾਮ ਹੈਰੋਇਨ, 1,22,924 ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ, 633 ਗ੍ਰਾਮ ਅਫੀਮ, 187 ਕਿਲੋ ਚੂਰਾ ਪੋਸਤ, 772 ਗ੍ਰਾਮ ਗਾਂਜਾ, 40 ਗ੍ਰਾਮ ਚਰਸ, 308 ਗ੍ਰਾਮ ਆਦਿ ਪਦਾਰਥ ਬਰਾਮਦ ਕੀਤੇ ਗਏ ਹਨ।

ਐੱਸ. ਐੱਸ. ਪੀ. ਘੁੰਮਣ ਨੇ ਕਿਹਾ ਕਿ ਬਟਾਲਾ ਪੁਲਸ ਵੱਲੋਂ ਜਿੱਥੇ ਨਸ਼ੇ ਦੇ ਕਾਰੋਬਾਰੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ, ਉੱਥੇ ਜੋ ਨੌਜਵਾਨ ਨਸ਼ਿਆਂ ਦੀ ਦਲ-ਦਲ ’ਚ ਫਸ ਚੁੱਕੇ ਸਨ ਉਨ੍ਹਾਂ ਨੂੰ ਇਲਾਜ ਲਈ ਓਟ ਸੈਂਟਰਾਂ ਤੱਕ ਵੀ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਪਿੰਡਾਂ ’ਚ ਪੰਚਾਇਤਾਂ ਨਾਲ ਰਲ ਕੇ ਨਸ਼ਾ ਵਿਰੋਧੀ ਕਮੇਟੀਆਂ ਗਠਿਤ ਕੀਤੀ ਗਈਆਂ ਹਨ।

ਬਟਾਲਾ ਪੁਲਸ ਨੇ ਸਾਲ 2019 ’ਚ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਕੰਮ ਕੀਤਾ ਹੈ, ਉੱਥੇ ਸਮਾਜ ਵਿਰੋਧੀ ਗੁੰਡਾ ਅਨਸਰਾਂ ਖਿਲਾਫ਼ ਵੀ ਸਖਤੀ ਨਾਲ ਮੁਹਿੰਮ ਚਲਾਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਆਰਮਜ਼ ਐਕਟ ਤਹਿਤ 12 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀਆਂ ਕੋਲੋਂ 31 ਪਿਸਤੌਲ/ਮੌਜ਼ਰ, 3 ਰਿਵਾਲਵਰ, 3 ਰਫ਼ਲਾਂ, 3 ਗੰਨਾਂ, 10 ਮੈਗਜ਼ੀਨ ਅਤੇ 488 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਉਪਿੰਦਰਜੀਤ ਸਿੰਘ ਘੁੰਮਣ ਨੇ ਪੁਲਸ ਦੇ ਜਵਾਨਾਂ ਅਤੇ ਸਮੂਹ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਬਟਾਲਾ ਪੁਲਸ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਆਉਂਦੇ ਸਮੇਂ ’ਚ ਪੁਲਸ ਆਪਣੀ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ।


Bharat Thapa

Content Editor

Related News